ਅਮਰੀਕਾ ਨੇ ਫ਼ੌਜੀ ਕਮਾਂਡ ਦੇ ਨਾਮ ਤੋਂ ਹਟਾਇਆ ‘ਇੰਡੀਅਨ ਓਸ਼ੀਅਨ’ ਦਾ ਹਵਾਲਾ

0
Indian ocean

ਅਮਰੀਕਾ ਨੇ ਫ਼ੌਜੀ ਕਮਾਂਡ ਦੇ ਨਾਮ ਤੋਂ ਹਟਾਇਆ...

ਨਵੀਂ ਦਿੱਲੀ : ਅਮਰੀਕਾ ਦੇ ਰੱਖਿਆ ਵਿਭਾਗ (ਪੈਂਟਾਗਨ) ਨੇ ਆਪਣੀ ਸਭ ਤੋਂ ਵੱਡੀ ਫ਼ੌਜੀ ਕਮਾਂਡ ਦੇ ਨਾਮ ਵਿੱਚ ਅਹਿਮ ਬਦਲਾਅ ਕਰਦਿਆਂ ਯੂ.ਐੱਸ. ਇੰਡੋ-ਪੈਸੀਫਿਕ ਕਮਾਂਡ (US Indo-Pacific Command) ਦਾ ਨਾਮ ਮੁੜ ਯੂ.ਐੱਸ. ਪੈਸੀਫਿਕ ਕਮਾਂਡ (US Pacific Command) ਰੱਖਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਕਮਾਂਡ ਦੇ ਨਾਮ ਵਿੱਚੋਂ ‘ਇੰਡੀਅਨ ਓਸ਼ੀਅਨ’ (ਹਿੰਦ ਮਹਾਸਾਗਰ) ਦਾ ਹਵਾਲਾ ਹਟਾ ਦਿੱਤਾ ਗਿਆ ਹੈ।

ਪੈਂਟਾਗਨ ਮੁਤਾਬਕ, ਨਾਮ ਬਦਲਣ ਦੇ ਬਾਵਜੂਦ ਕਮਾਂਡ ਦੀਆਂ ਜ਼ਿੰਮੇਵਾਰੀਆਂ, ਕਾਰਜਖੇਤਰ ਅਤੇ ਰਣਨੀਤਿਕ ਮਿਸ਼ਨ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਇਹ ਕਮਾਂਡ ਅਮਰੀਕਾ ਦੇ ਪੱਛਮੀ ਤੱਟ ਤੋਂ ਲੈ ਕੇ ਭਾਰਤ ਦੀ ਪੱਛਮੀ ਸਰਹੱਦ ਤੱਕ ਫੈਲੇ ਵਿਸ਼ਾਲ ਖੇਤਰ ਦੀ ਦੇਖਭਾਲ ਕਰਦੀ ਹੈ।

ਜ਼ਿਕਰਯੋਗ ਹੈ ਕਿ 2018 ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ US Pacific Command ਦਾ ਨਾਮ ਬਦਲ ਕੇ US Indo-Pacific Command ਰੱਖਿਆ ਗਿਆ ਸੀ। ਉਸ ਵੇਲੇ ਅਮਰੀਕੀ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਇਸ ਨੂੰ ਭਾਰਤ ਦੇ ਵਧਦੇ ਰਣਨੀਤਿਕ ਮਹੱਤਵ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੀ ਵਧ ਰਹੀ ਭੂਮਿਕਾ ਦਾ ਪ੍ਰਤੀਕ ਦੱਸਿਆ ਸੀ।

ਅਮਰੀਕੀ ਫ਼ੌਜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੁਰਾਣੇ ਨਾਮ ਦੀ ਬਹਾਲੀ ਕਮਾਂਡ ਦੀਆਂ ਇਤਿਹਾਸਕ ਜੜ੍ਹਾਂ ਦਾ ਸਨਮਾਨ ਕਰਨ ਅਤੇ ਪ੍ਰਸ਼ਾਂਤ ਖੇਤਰ ਵਿੱਚ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਵਿੱਚ ਮਾਣ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਹੈ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਖੇਤਰੀ ਸਾਥੀਆਂ ਨਾਲ ਮਿਲ ਕੇ “ਸੁਤੰਤਰ ਅਤੇ ਖੁੱਲ੍ਹੇ ਖੇਤਰ” ਨੂੰ ਕਾਇਮ ਰੱਖਣ ਦੀ ਵਚਨਬੱਧਤਾ ਪਹਿਲਾਂ ਵਾਂਗ ਜਾਰੀ ਰਹੇਗੀ। ਦੱਸਣਯੋਗ ਹੈ ਕਿ US Pacific Command ਦੀ ਸਥਾਪਨਾ 1 ਜਨਵਰੀ 1947 ਨੂੰ ਅਮਰੀਕੀ ਰਾਸ਼ਟਰਪਤੀ ਹੈਰੀ ਐਸ. ਟਰੂਮਨ ਵੱਲੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੀਤੀ ਗਈ ਸੀ।

Leave a Reply

Your email address will not be published. Required fields are marked *