ਹਿਮਾਚਲ ’ਚ ਹੋਈ ਹਿੰਸਕ ਝੜਪ ਮਗਰੋਂ, ਲੋਕਾਂ ਨੇ ਬੰਦ ਕੀਤਾ ਬਦਰੀਨਾਥ ਨੈਸ਼ਨਲ ਹਾਈਵੇ

0
Himachal

ਹਿਮਾਚਲ ’ਚ ਹੋਈ ਹਿੰਸਕ ਝੜਪ ਮਗਰੋਂ, ਲੋਕਾਂ ਨੇ ਬੰਦ...

ਕਰਨਪ੍ਰਯਾਗ (ਉੱਤਰਾਖੰਡ) : ਕਰਨਪ੍ਰਯਾਗ ਦੇ ਪੰਜ ਪੁਲੀਆ ਖੇਤਰ ਵਿੱਚ ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਇੱਕ ਸ਼ਰਧਾਲੂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ।

ਜਾਣਕਾਰੀ ਅਨੁਸਾਰ, ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਹੇਮਕੁੰਟ ਸਾਹਿਬ ਯਾਤਰਾ ‘ਤੇ ਜਾ ਰਹੇ ਕੁਝ ਸ਼ਰਧਾਲੂਆਂ ਨੇ ਇੱਕ ਸਥਾਨਕ ਹੋਟਲ ਦੇ ਸਾਹਮਣੇ ਵਾਹਨ ਖੜ੍ਹਾ ਕਰ ਦਿੱਤਾ। ਮਾਮੂਲੀ ਬਹਿਸ ਨੇ ਜਲਦੀ ਹੀ ਹਿੰਸਕ ਰੂਪ ਧਾਰ ਲਿਆ। ਦੋਵਾਂ ਧਿਰਾਂ ਵਿਚਾਲੇ ਹੋਈ ਝੜਪ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਸ਼ਰਧਾਲੂ ਵੀ ਸ਼ਾਮਲ ਹੈ।

ਇੱਕ ਜ਼ਖ਼ਮੀ ਦੀ ਹਾਲਤ ਗੰਭੀਰ

ਜ਼ਖ਼ਮੀਆਂ ਦੀ ਪਛਾਣ ਪ੍ਰਕਾਸ਼ ਰਾਵਤ (26), ਸੁਦਰਸ਼ਨ ਕੰਡਾਰੀ (55), ਗਜਪਾਲ ਸਿੰਘ (50), ਹਰੇਂਦਰ ਸਿੰਘ (42) ਅਤੇ ਮੋਹਾਲੀ ਨਿਵਾਸੀ ਮਨਪ੍ਰੀਤ ਸਿੰਘ (21) ਵਜੋਂ ਹੋਈ ਹੈ। ਇੱਕ ਜ਼ਖ਼ਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਉੱਚ ਸਿਹਤ ਕੇਂਦਰ ਲਈ ਰੈਫਰ ਕੀਤਾ ਗਿਆ ਹੈ। ਘਟਨਾ ਤੋਂ ਨਾਰਾਜ਼ ਸਥਾਨਕ ਲੋਕਾਂ ਨੇ ਕਰਨਪ੍ਰਯਾਗ ਪੁਲੀਸ ਚੌਕੀ ਨੇੜੇ ਬਦਰੀਨਾਥ ਨੈਸ਼ਨਲ ਹਾਈਵੇ (ਐਨਐਚ-07) ਨੂੰ ਕਰੀਬ ਚਾਰ ਘੰਟਿਆਂ ਲਈ ਜਾਮ ਕਰ ਦਿੱਤਾ, ਜਿਸ ਕਾਰਨ ਬਦਰੀਨਾਥ ਅਤੇ ਹੇਮਕੁੰਟ ਸਾਹਿਬ ਜਾ ਰਹੇ ਸੈਂਕੜੇ ਵਾਹਨ ਫਸ ਗਏ। ਸਥਿਤੀ ਨੂੰ ਸੰਭਾਲਣ ਲਈ ਪੁਲੀਸ ਨੇ ਗੌਚਰ ਵਿੱਚ ਅਸਥਾਈ ਹੋਲਡਿੰਗ ਖੇਤਰ ਬਣਾਕੇ ਟ੍ਰੈਫਿਕ ਰੋਕ ਦਿੱਤਾ।

ਸ਼ਰਧਾਲੂਆਂ ਨੂੰ ਸ਼ਾਂਤੀ ਦੀ ਅਪੀਲ

ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਗੌਰਵ ਕੁਮਾਰ ਅਤੇ ਐਸਪੀ ਸੁਰਜੀਤ ਸਿੰਘ ਪੰਵਾਰ ਵੱਲੋਂ ਮੌਕੇ ‘ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਧਰਨਾ ਖਤਮ ਹੋਇਆ। ਅਧਿਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕਾਨੂੰਨ-ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਸ ਦਰਮਿਆਨ, ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੈਨੇਜਰ ਸਰਦਾਰ ਸੇਵਾ ਸਿੰਘ ਨੇ ਸਾਰੇ ਸ਼ਰਧਾਲੂਆਂ ਨੂੰ ਸ਼ਾਂਤੀ, ਭਾਈਚਾਰੇ ਅਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਟਰੱਸਟ ਨੇ ਕਿਹਾ ਕਿ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਬਹਿਸ ਜਾਂ ਟਕਰਾਅ ਤੋਂ ਬਚਿਆ ਜਾਵੇ ਅਤੇ ਸਮਾਜਿਕ ਸਦਭਾਵਨਾ ਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ।

Leave a Reply

Your email address will not be published. Required fields are marked *