ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਮਿਲੀ ਮਾਨਸਿਕ ਸਿਹਤ ਮਾਹਿਰਾਂ ਦੀ ਤਾਕਤ

0
drugs

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਮਿਲੀ...

ਚੰਡੀਗੜ੍ਹ, 31 ਜੁਲਾਈ: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਮਜ਼ਬੂਤੀ ਦੇਣ ਲਈ ਸ਼ੁਰੂ ਕੀਤੇ ਗਏ ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (ਐਲਐਮਐਚਪੀ) ਦੇ ਪਹਿਲੇ ਬੈਚ ਦੇ 13 ਫੈਲੋ ਇਸ ਸਮੇਂ ਸੂਬੇ ਭਰ ਵਿੱਚ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ। ਹੁਣ ਸਰਕਾਰ ਅਗਸਤ ਦੇ ਸ਼ੁਰੂ ਵਿੱਚ ਦੂਜੇ ਬੈਚ ਲਈ ਅਰਜ਼ੀਆਂ ਮੰਗਣ ਜਾ ਰਹੀ ਹੈ, ਜਿਸ ਤਹਿਤ 10 ਫੈਲੋ ਅਤੇ 7 ਸੀਨੀਅਰ ਐਸੋਸੀਏਟ ਦੀ ਭਰਤੀ ਕੀਤੀ ਜਾਵੇਗੀ।

ਫਰਵਰੀ 2026 ਵਿੱਚ ਸ਼ੁਰੂ ਕੀਤਾ ਗਿਆ ਇਹ ਦੇਸ਼ ਦਾ ਪਹਿਲਾ ਪ੍ਰੋਗਰਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਅਹਿਮ ਹਿੱਸਾ ਹੈ। ਇਸ ਦਾ ਮਕਸਦ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਦੇ ਖੇਤਰ ਵਿੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦਾ ਮਜ਼ਬੂਤ ਨੈੱਟਵਰਕ ਤਿਆਰ ਕਰਨਾ ਹੈ।

ਦੂਜੇ ਬੈਚ ਲਈ ਅਰਜ਼ੀਆਂ ਜਲਦ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ (ਡੀ.ਆਈ.ਟੀ.ਐਸ.ਯੂ.) ਵੱਲੋਂ ਚਲਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਮਨੋਵਿਗਿਆਨ, ਜਨਤਕ ਸਿਹਤ ਅਤੇ ਸਮਾਜਿਕ ਕਾਰਜ ਨਾਲ ਜੁੜੇ ਨੌਜਵਾਨ ਪੇਸ਼ੇਵਰਾਂ ਨੂੰ ਦੋ ਸਾਲ ਲਈ ਤਾਇਨਾਤ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ (ਟੀ.ਆਈ.ਐੱਸ.ਐੱਸ.), ਮੁੰਬਈ ਦੇ ਸਹਿਯੋਗ ਨਾਲ ਨਸ਼ਾ ਰੋਕਥਾਮ, ਮੁੜ ਵਸੇਬਾ, ਮਨੋ-ਸਮਾਜਿਕ ਦਖ਼ਲਅੰਦਾਜ਼ੀ ਅਤੇ ਲੀਡਰਸ਼ਿਪ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਲਤ ਸਿਰਫ਼ ਕਾਨੂੰਨੀ ਨਹੀਂ, ਸਗੋਂ ਸਿਹਤ ਅਤੇ ਸਮਾਜਿਕ ਚੁਣੌਤੀ ਵੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ, ਜਦਕਿ ਦੂਜੇ ਪਾਸੇ ਨਸ਼ਿਆਂ ਦੇ ਸ਼ਿਕਾਰ ਲੋਕਾਂ ਦੇ ਇਲਾਜ, ਮੁੜ ਵਸੇਬੇ ਅਤੇ ਸਮਾਜ ਵਿੱਚ ਸਨਮਾਨਜਨਕ ਵਾਪਸੀ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਐਲਐਮਐਚਪੀ ਫੈਲੋ ਜ਼ਿਲ੍ਹਾ ਹਸਪਤਾਲਾਂ ਅਤੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੰਮ ਕਰਦੇ ਹੋਏ ਇਲਾਜ, ਮੁੜ ਨਸ਼ਿਆਂ ਤੋਂ ਬਚਾਅ, ਭਾਈਚਾਰਕ ਜਾਗਰੂਕਤਾ ਅਤੇ ਲਗਾਤਾਰ ਦੇਖਭਾਲ ਨੂੰ ਯਕੀਨੀ ਬਣਾ ਰਹੇ ਹਨ। ਸਰਕਾਰ ਦਾ ਮੰਨਣਾ ਹੈ ਕਿ ਮਾਨਸਿਕ ਸਿਹਤ ਨੂੰ ਨਸ਼ਾ ਮੁਕਤੀ ਮੁਹਿੰਮ ਦਾ ਕੇਂਦਰ ਬਣਾਕੇ ਹੀ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *