‘ਰਾਮਾਇਣਮ’ ਟ੍ਰੇਲਰ ਦੇਖ ਪ੍ਰਿਯੰਕਾ ਚਤੁਰਵੇਦੀ ਨੇ ਚੁੱਕੇ ਸਵਾਲ, ਕਾਸਟਿਊਮ ਦੀ ਕੀਤੀ ਆਲੋਚਨਾ

‘ਰਾਮਾਇਣਮ’ ਟ੍ਰੇਲਰ ਦੇਖ ਪ੍ਰਿਯੰਕਾ ...
ਮੁੰਬਈ : ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਫ਼ਿਲਮ ‘ਰਾਮਾਇਣਮ’ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇਸ ਨੂੰ ਲੈ ਕੇ ਲਗਾਤਾਰ ਚਰਚਾ ਜਾਰੀ ਹੈ। ਇੱਕ ਪਾਸੇ ਦਰਸ਼ਕ ਫ਼ਿਲਮ ਦੇ ਵਿਜ਼ੂਅਲ ਇਫੈਕਟਸ (ਵੀ. ਐਫ਼. ਐਕਸ) ਅਤੇ ਕਲਾਕਾਰਾਂ ਦੀ ਸ਼ਲਾਘਾ ਕਰ ਰਹੇ ਹਨ, ਜਦਕਿ ਦੂਜੇ ਪਾਸੇ ਕੁਝ ਲੋਕ ਇਸ ਦੀ ਆਲੋਚਨਾ ਵੀ ਕਰ ਰਹੇ ਹਨ। ਇਸੇ ਦੌਰਾਨ ਸ਼ਿਵ ਸੈਨਾ (ਯੂ.ਬੀ.ਟੀ.) ਦੀ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਵੀ ਟ੍ਰੇਲਰ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਾਸਟਿੰਗ, ਕਾਸਟਿਊਮ ਅਤੇ ਵੀ.ਐਫ.ਐਕਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਪ੍ਰਿਯੰਕਾ ਚਤੁਰਵੇਦੀ ਨੇ ਆਪਣੇ ‘ਐਕਸ’ ਅਕਾਊਂਟ ’ਤੇ ਲਿਖਿਆ ਕਿ ‘ਹੁਣ ਸਮਝ ਆਇਆ ਕਿ ‘ਰਾਮਾਇਣਮ’ ਦਾ ਪ੍ਰੋਮੋ ਇੰਨਾ ਸਮਾਂ ਕਿਉਂ ਲੁਕਾ ਕੇ ਰੱਖਿਆ ਗਿਆ ਸੀ। ਇਸ ਨੂੰ ਲੈ ਕੇ ਜਿੰਨੀ ਹਾਈਪ ਬਣਾਈ ਗਈ, ਟ੍ਰੇਲਰ ਉਸ ’ਤੇ ਖਰਾ ਨਹੀਂ ਉਤਰਦਾ। ਗਲਤ ਕਾਸਟਿੰਗ, ਅਦਾਕਾਰੀ ਨਾਲੋਂ ਵੀ. ਐਫ. ਐਕਸ ’ਤੇ ਵੱਧ ਜ਼ੋਰ, ਅਜੀਬ ਕਾਸਟਿਊਮ ਅਤੇ ਐਸਾ ਸੰਗੀਤ ਜੋ ਹੋਰ ਬਿਹਤਰ ਹੋ ਸਕਦਾ ਸੀ।’
ਉਨ੍ਹਾਂ ਨੇ ਨਿਤੇਸ਼ ਤਿਵਾਰੀ ਦੀ ‘ਰਾਮਾਇਣਮ’ ਦੀ ਤੁਲਨਾ ਰਾਮਾਨੰਦ ਸਾਗਰ ਦੀ ਮਸ਼ਹੂਰ ਟੀਵੀ ਸੀਰੀਜ਼ ‘ਰਾਮਾਇਣ’ ਨਾਲ ਕਰਦਿਆਂ ਕਿਹਾ ਕਿ ਦੂਰਦਰਸ਼ਨ ਵਾਲੀ ‘ਰਾਮਾਇਣ’ ਦਾ ਅੱਜ ਵੀ ਕੋਈ ਮੁਕਾਬਲਾ ਨਹੀਂ ਹੈ ਅਤੇ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖੀ ਜਾਵੇਗੀ।
ਕੁਝ ਘੰਟਿਆਂ ’ਚ ਹੀ 10 ਮਿਲੀਅਨ ਤੋਂ ਵੱਧ ਦੇਖਿਆ
ਜ਼ਿਕਰਯੋਗ ਹੈ ਕਿ 30 ਜੁਲਾਈ ਨੂੰ ਬ੍ਰਹਮ ਮੁਹੂਰਤ (ਸਵੇਰੇ 4:15 ਵਜੇ) ਰਿਲੀਜ਼ ਹੋਏ ਟ੍ਰੇਲਰ ਵਿੱਚ ਰਣਬੀਰ ਕਪੂਰ ਭਗਵਾਨ ਰਾਮ ਅਤੇ ਸਾਈ ਪੱਲਵੀ ਮਾਤਾ ਸੀਤਾ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਟ੍ਰੇਲਰ ਨੂੰ ਕੁਝ ਹੀ ਘੰਟਿਆਂ ਦੇ ਅੰਦਰ 10 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।
