ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਔਰਤਾਂ ਬਣੀਆਂ ਬਦਲਾਅ ਦੀ ਤਾਕਤ: ਡਾ. ਬਲਬੀਰ ਸਿੰਘ

ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਔਰਤਾਂ ਬਣੀਆਂ
ਚੰਡੀਗੜ੍ਹ, 24 ਜੁਲਾਈ: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਮਾਂਵਾਂ, ਪਤਨੀਆਂ ਅਤੇ ਭੈਣਾਂ ਨਸ਼ਾ ਮੁਕਤੀ ਅਭਿਆਨ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਸਾਹਮਣੇ ਆ ਰਹੀਆਂ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰ ਸਫ਼ਲ ਨਸ਼ਾ ਮੁਕਤੀ ਦੀ ਸ਼ੁਰੂਆਤ ਪਰਿਵਾਰ ਦੇ ਸਾਥ ਨਾਲ ਹੁੰਦੀ ਹੈ ਅਤੇ ਔਰਤਾਂ ਇਸ ਬਦਲਾਅ ਦੀਆਂ ਅਸਲ ਮਸ਼ਾਲਚੀ ਹਨ।
ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਨਸ਼ੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਪਰਿਵਾਰਾਂ ਵਿੱਚ ਹੁਣ ਔਰਤਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਲਾਜ ਲਈ ਪ੍ਰੇਰਿਤ ਕਰਨ, ਕਾਊਂਸਲਿੰਗ ਵਿੱਚ ਸਾਥ ਦੇਣ ਅਤੇ ਮੁੜ ਆਮ ਜੀਵਨ ਵਿੱਚ ਵਾਪਸ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਸੰਦੇਸ਼ ਨੂੰ ਮੋਗਾ ਅਤੇ ਐੱਸ.ਐੱਫ.ਸੀ. ਕਾਲਜ, ਜਲਾਲਾਬਾਦ ਵਿਖੇ ਕਰਵਾਏ ਜਾਗਰੂਕਤਾ ਪ੍ਰੋਗਰਾਮਾਂ ਦੌਰਾਨ ਵੀ ਉਭਾਰਿਆ ਗਿਆ।
ਨਸ਼ਾ ਮੁਕਤੀ ਕੇਂਦਰਾਂ ਵਿੱਚ ਪਰਿਵਾਰਕ ਕਾਊਂਸਲਿੰਗ
ਲੁਧਿਆਣਾ ਦੀ ਰਾਗਿਨੀ ਕੌਰ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਤੋਂ ਬਾਅਦ ਉਸ ਦੇ ਪਤੀ ਪੂਰੀ ਤਰ੍ਹਾਂ ਨਸ਼ਾ-ਮੁਕਤ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੱਕ ਰਿਸ਼ਤੇਦਾਰ ਨੂੰ ਵੀ ਇਲਾਜ ਲਈ ਪ੍ਰੇਰਿਤ ਕੀਤਾ, ਜੋ ਹੁਣ ਨਸ਼ੇ ਦੀ ਲਤ ਤੋਂ ਬਾਹਰ ਆ ਚੁੱਕਾ ਹੈ। ਮੋਗਾ ਦੇ ਪਿੰਡ ਬੁੱਟਰ ਕਲਾਂ ਦੀ ਬਲਵਿੰਦਰ ਕੌਰ ਨੇ ਕਿਹਾ ਕਿ ਨਸ਼ੇ ਨੇ ਉਨ੍ਹਾਂ ਦੇ ਪਰਿਵਾਰ ਨੂੰ ਮਾਨਸਿਕ ਅਤੇ ਆਰਥਿਕ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ, ਪਰ ਪਰਿਵਾਰਕ ਸਹਿਯੋਗ ਅਤੇ ਨਸ਼ਾ ਮੁਕਤੀ ਕੇਂਦਰ ਦੇ ਇਲਾਜ ਨਾਲ ਉਨ੍ਹਾਂ ਦੇ ਪਤੀ ਹੁਣ ਪੂਰੀ ਤਰ੍ਹਾਂ ਨਸ਼ਾ-ਮੁਕਤ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਦਾ ਇੱਕ ਨੌਜਵਾਨ ਵੀ ਇਸੇ ਤਰ੍ਹਾਂ ਇਲਾਜ ਰਾਹੀਂ ਨਵੀਂ ਜ਼ਿੰਦਗੀ ਵੱਲ ਵਾਪਸ ਪਰਤਿਆ ਹੈ।
ਲੁਧਿਆਣਾ ਦੇ ਜ਼ਿਲ੍ਹਾ ਨੋਡਲ ਮਨੋਚਿਕਿਤਸਕ ਡਾ. ਅਰਵਿੰਦ ਗੋਇਲ ਨੇ ਕਿਹਾ ਕਿ ਨਸ਼ਾ ਮੁਕਤੀ ਤਦੋਂ ਹੀ ਸਫ਼ਲ ਹੁੰਦੀ ਹੈ ਜਦੋਂ ਇਲਾਜ ਦੇ ਨਾਲ ਪਰਿਵਾਰ ਦਾ ਮਜ਼ਬੂਤ ਸਹਿਯੋਗ ਵੀ ਮਿਲੇ। ਉਨ੍ਹਾਂ ਕਿਹਾ ਕਿ ਮਾਂਵਾਂ, ਪਤਨੀਆਂ ਅਤੇ ਭੈਣਾਂ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਨਸ਼ਾ-ਮੁਕਤ ਰੱਖਣ ਵਿੱਚ ਨਿਰਣਾਇਕ ਭੂਮਿਕਾ ਨਿਭਾਉਂਦੀਆਂ ਹਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਪਰਿਵਾਰਕ ਕਾਊਂਸਲਿੰਗ ਨੂੰ ਇਲਾਜ ਦਾ ਲਾਜ਼ਮੀ ਹਿੱਸਾ ਬਣਾਇਆ ਗਿਆ ਹੈ ਅਤੇ ਅੱਗੇ ਵੀ ਔਰਤਾਂ ਦੀ ਭੂਮਿਕਾ ਨੂੰ ਇਸ ਮੁਹਿੰਮ ਦੇ ਕੇਂਦਰ ਵਿੱਚ ਰੱਖਿਆ ਜਾਵੇਗਾ।
