ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ ਮਰੀਜ਼ਾਂ ਦਾ ਮੁਫ਼ਤ ਇਲਾਜ

ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ
ਚੰਡੀਗੜ੍ਹ, 24 ਜੁਲਾਈ: ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹੁਣ ਤੱਕ 8,069 ਕੈਂਸਰ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਗਈ ਹੈ, ਜਿਸ ‘ਤੇ ਸਰਕਾਰ ਵੱਲੋਂ 20.22 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਟੇਟ ਹੈਲਥ ਏਜੰਸੀ (ਐੱਸਐੱਚਏ) ਦੇ ਅੰਕੜਿਆਂ ਅਨੁਸਾਰ 18 ਜੁਲਾਈ 2026 ਤੱਕ ਯੋਜਨਾ ਦਾ ਸਭ ਤੋਂ ਵੱਧ ਲਾਭ 36 ਤੋਂ 60 ਸਾਲ ਉਮਰ ਵਰਗ ਦੇ 4,285 ਮਰੀਜ਼ਾਂ ਨੇ ਲਿਆ, ਜਦਕਿ 3,376 ਮਰੀਜ਼ 60 ਸਾਲ ਤੋਂ ਵੱਧ, 399 ਮਰੀਜ਼ 17 ਤੋਂ 35 ਸਾਲ ਅਤੇ 9 ਮਰੀਜ਼ 17 ਸਾਲ ਤੋਂ ਘੱਟ ਉਮਰ ਦੇ ਸਨ।
ਸਰਕਾਰ ਅਨੁਸਾਰ ਕੈਂਸਰ ਵਰਗੀ ਗੰਭੀਰ ਬਿਮਾਰੀ ਦੇ ਇਲਾਜ ਵਿੱਚ ਆਰਥਿਕ ਬੋਝ ਵੱਡੀ ਰੁਕਾਵਟ ਬਣਦਾ ਹੈ, ਜਿਸ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਯੋਜਨਾ ਅਧੀਨ ਮਰੀਜ਼ਾਂ ਨੂੰ ਸਰਜਰੀ, ਕੀਮੋਥੈਰੇਪੀ, ਰੇਡੀਓਥੈਰੇਪੀ ਅਤੇ ਹੋਰ ਆਧੁਨਿਕ ਇਲਾਜ ਕੈਸ਼ਲੈੱਸ ਤਰੀਕੇ ਨਾਲ ਉਪਲਬਧ ਕਰਵਾਏ ਜਾ ਰਹੇ ਹਨ।
ਅੰਕੜਿਆਂ ਮੁਤਾਬਕ ਜਨਵਰੀ ਵਿੱਚ 842, ਫਰਵਰੀ ਵਿੱਚ 1,080, ਮਾਰਚ ਵਿੱਚ 1,175, ਅਪ੍ਰੈਲ ਵਿੱਚ 1,350, ਮਈ ਵਿੱਚ 1,275 ਅਤੇ ਜੂਨ ਮਹੀਨੇ ਦੌਰਾਨ ਸਭ ਤੋਂ ਵੱਧ 1,468 ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਜੁਲਾਈ ਦੇ ਪਹਿਲੇ 18 ਦਿਨਾਂ ਵਿੱਚ ਹੀ 879 ਮਰੀਜ਼ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ।
ਸਰਕਾਰ ਨੇ ਖਰਚੇ 20.22 ਕਰੋੜ ਰੁਪਏ
ਸਮਾਣਾ ਦੀ ਦਰਸ਼ਨ ਦੇਵੀ ਨੇ ਦੱਸਿਆ ਕਿ ਕੈਂਸਰ ਸਰਜਰੀ ਲਈ 4 ਤੋਂ 5 ਲੱਖ ਰੁਪਏ ਦੇ ਸੰਭਾਵਿਤ ਖਰਚ ਕਾਰਨ ਪਰਿਵਾਰ ਚਿੰਤਤ ਸੀ, ਪਰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਨਜ਼ੂਰੀ ਮਿਲਣ ਉਪਰੰਤ ਉਨ੍ਹਾਂ ਦਾ ਇਲਾਜ ਬਿਨਾਂ ਕਿਸੇ ਖਰਚ ਦੇ ਹੋ ਗਿਆ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਆਰਥਿਕ ਤੰਗੀ ਕਿਸੇ ਵੀ ਕੈਂਸਰ ਮਰੀਜ਼ ਦੇ ਇਲਾਜ ਵਿੱਚ ਰੁਕਾਵਟ ਨਾ ਬਣੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਤੁਰੰਤ ਇਲਾਜ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ ਅਤੇ ਸਰਕਾਰ ਯੋਗ ਮਰੀਜ਼ਾਂ ਨੂੰ ਬਿਨਾਂ ਖਰਚ ਦੇ ਮਿਆਰੀ ਇਲਾਜ ਮੁਹੱਈਆ ਕਰਵਾ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰੀਰ ਵਿੱਚ ਗੰਢ, ਬਿਨਾਂ ਕਾਰਨ ਭਾਰ ਘਟਣਾ, ਅਸਧਾਰਨ ਖੂਨ ਵਗਣਾ, ਲੰਬੇ ਸਮੇਂ ਤੱਕ ਖੰਘ ਰਹਿਣ ਜਾਂ ਮਲ-ਮੂਤਰ ਦੀ ਆਮ ਪ੍ਰਕਿਰਿਆ ਵਿੱਚ ਤਬਦੀਲੀ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਸਮੇਂ ਸਿਰ ਡਾਕਟਰੀ ਜਾਂਚ ਕਰਵਾਈ ਜਾਵੇ।
