ਇੰਗਲੈਂਡ ਵਿੱਚ ਪੰਜਾਬ ਦੀ ਵਿਦਿਆਰਥਣ ਕਿਰਨਦੀਪ ਕੌਰ ਦਾ ਕਤਲ

ਇੰਗਲੈਂਡ ਵਿੱਚ ਪੰਜਾਬ ਦੀ ਵਿਦਿਆਰਥਣ...
ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਿੱਦੀ ਦੀ ਰਹਿਣ ਵਾਲੀ 24 ਸਾਲਾ ਕਿਰਨਦੀਪ ਕੌਰ ਦੀ ਇੰਗਲੈਂਡ ਵਿੱਚ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਕਿਰਨਦੀਪ ਕੌਰ ਕਰੀਬ ਦੋ ਸਾਲ ਪਹਿਲਾਂ ਉੱਚ ਸਿੱਖਿਆ ਲਈ ਵਿਦਿਆਰਥੀ ਵੀਜ਼ੇ ‘ਤੇ ਯੂਕੇ ਗਈ ਸੀ।
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਉੱਥੇ ਨੌਕਰੀ ਕਰ ਰਹੀ ਸੀ। ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਧੀ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਉਸ ਨੂੰ ਇੰਗਲੈਂਡ ਭੇਜਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਹ ਵਿਦੇਸ਼ ਵਿੱਚ ਆਪਣਾ ਭਵਿੱਖ ਸਵਾਰੇਗੀ, ਪਰ ਇਸ ਘਟਨਾ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਤੋੜ ਦਿੱਤੀਆਂ।
ਕਮਰੇ ਵਿੱਚ ਸੌਂਦੇ ਸਮੇਂ ਕੀਤਾ ਗਿਆ ਹਮਲਾ
ਪਰਿਵਾਰ ਮੁਤਾਬਕ ਐਤਵਾਰ ਸਵੇਰੇ ਕਿਰਨਦੀਪ ਆਪਣੇ ਕਮਰੇ ਵਿੱਚ ਸੌਂ ਰਹੀ ਸੀ, ਜਦੋਂ ਇੱਕ ਅਣਪਛਾਤਾ ਵਿਅਕਤੀ ਕਥਿਤ ਤੌਰ ‘ਤੇ ਕਮਰੇ ਵਿੱਚ ਦਾਖ਼ਲ ਹੋਇਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਲੱਗੀਆਂ ਗੰਭੀਰ ਸੱਟਾਂ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਮਾਮਲੇ ਦੇ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਪਰਿਵਾਰ ਨੇ ਸਰਕਾਰ ਕੋਲ ਲਗਾਈ ਮਦਦ ਦੀ ਗੁਹਾਰ
ਘਟਨਾ ਤੋਂ ਬਾਅਦ ਪੰਜਾਬ ਵਿੱਚ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਪਿਤਾ ਸੁਖਦੇਵ ਸਿੰਘ, ਜੋ ਇੱਕ ਛੋਟੇ ਕਿਸਾਨ ਹਨ, ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਲੋੜੀਂਦੀ ਮਦਦ ਕੀਤੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ।
