ਤਿੰਨ ਸਾਲ ’ਚ ਨਸ਼ਿਆਂ ਦੇ ਈਕੋਸਿਸਟਮ ਨੂੰ ਖ਼ਤਮ ਕਰ ਦਿਆਂਗੇ : ਅਮਿਤ ਸ਼ਾਹ

ਤਿੰਨ ਸਾਲ ’ਚ ਨਸ਼ਿਆਂ ਦੇ ਈਕੋਸਿਸਟਮ ਨੂੰ ਖ਼ਤਮ...
ਨਵੀਂ ਦਿੱਲੀ : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵਿਗਿਆਨ ਭਵਨ ਵਿੱਚ ਨਾਰਕੋ-ਕੋਆਰਡੀਨੇਸ਼ਨ ਸੈਂਟਰ (ਐੱਨਸੀਓਆਰਡੀ) ਦੀ 10ਵੀਂ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਆਉਣ ਵਾਲੇ ਤਿੰਨ ਸਾਲ ਦੇਸ਼ ਵਿੱਚ ਨਸ਼ਿਆਂ ਦੇ ਨੈੱਟਵਰਕ ਖ਼ਿਲਾਫ਼ ਲੜਾਈ ਲਈ ਨਿਰਣਾਇਕ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਸਾਲ 2029 ਤੱਕ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕਰਨਾ ਹੈ।
ਬੈਠਕ ਦੌਰਾਨ ਅਮਿਤ ਸ਼ਾਹ ਨੇ ‘ਡਰੱਗ ਕੰਟਰੋਲ ਵਿਜ਼ਨ ਡੌਕਿਊਮੈਂਟ 2026-2029’ ਅਤੇ ਐੱਨਸੀਬੀ ਸਾਲਾਨਾ ਰਿਪੋਰਟ-2025 ਜਾਰੀ ਕੀਤੀ। ਇਸ ਦੇ ਨਾਲ ਹੀ ਜੰਮੂ ਅਤੇ ਗੁਵਾਹਾਟੀ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਨਵੇਂ ਜ਼ੋਨਲ ਦਫ਼ਤਰਾਂ ਦਾ ਈ-ਉਦਘਾਟਨ ਕੀਤਾ ਅਤੇ ‘ਆਨਲਾਈਨ ਡਰੱਗਜ਼ ਡਿਸਪੋਜ਼ਲ ਫੋਰਟਨਾਈਟ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ 6,000 ਕਰੋੜ ਰੁਪਏ ਤੋਂ ਵੱਧ ਮੁੱਲ ਦੇ 2.09 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਕਾਨੂੰਨ-ਵਿਵਸਥਾ ਜਾਂ ਸਿਹਤ ਦਾ ਮੁੱਦਾ ਨਹੀਂ, ਸਗੋਂ ਇਹ ਦੇਸ਼ ਦੀ ਅੰਦਰੂਨੀ ਸੁਰੱਖਿਆ, ਸਮਾਜਿਕ ਸਥਿਰਤਾ, ਆਰਥਿਕਤਾ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਗੰਭੀਰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਡਰੱਗ ਤਸਕਰੀ ਹੁਣ ਸੰਗਠਿਤ ਅਪਰਾਧ, ਨਾਰਕੋ-ਟੈਰਰ ਫੰਡਿੰਗ, ਡਰੋਨ, ਡਾਰਕ ਵੈੱਬ, ਕ੍ਰਿਪਟੋ ਕਰੰਸੀ ਅਤੇ ਆਧੁਨਿਕ ਤਕਨਾਲੋਜੀ ਰਾਹੀਂ ਚੱਲ ਰਹੀ ਹੈ, ਇਸ ਲਈ ਇਸ ਦੇ ਖ਼ਿਲਾਫ਼ ਤਕਨਾਲੋਜੀ ਆਧਾਰਿਤ ਅਤੇ ਤਾਲਮੇਲ ਵਾਲੀ ਕਾਰਵਾਈ ਦੀ ਲੋੜ ਹੈ।
ਗ੍ਰਹਿ ਮੰਤਰੀ ਨੇ ਦੱਸਿਆ ਕਿ 2014 ਤੋਂ 2026 ਦਰਮਿਆਨ ਦੇਸ਼ ਵਿੱਚ 1.84 ਲੱਖ ਕਰੋੜ ਰੁਪਏ ਮੁੱਲ ਦੇ 1.18 ਕਰੋੜ ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ, ਜਦਕਿ 89,896 ਕਰੋੜ ਰੁਪਏ ਮੁੱਲ ਦੇ 42.47 ਲੱਖ ਕਿਲੋਗ੍ਰਾਮ ਡਰੱਗਜ਼ ਨਸ਼ਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋ ਰਹੀ ਹੈ।
