ਚੰਡੀਗੜ੍ਹ ਕੈਸ਼ੀਅਰ ਕਤਲ ਕਾਂਡ: ਪੁਲੀਸ ਮੁਕਾਬਲੇ ‘ਚ ਦੋ ਮੁਲਜ਼ਮ ਜ਼ਖ਼ਮੀ, ਤੀਜੇ ਦੀ ਭਾਲ ਜਾਰੀ

0
ancounter

ਚੰਡੀਗੜ੍ਹ ਕੈਸ਼ੀਅਰ ਕਤਲ ਕਾਂਡ: ਪੁਲੀਸ ਮੁਕਾਬਲੇ 'ਚ ਦੋ ਮੁਲਜ਼ਮ..

ਚੰਡੀਗੜ੍ਹ: ਸੈਕਟਰ-11 ਸਥਿਤ ਇੱਕ ਮੈਡੀਕਲ ਸਟੋਰ ਦੇ ਕੈਸ਼ੀਅਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮ ਅੱਜ ਤੜਕੇ ਚੰਡੀਗੜ੍ਹ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਏ। ਆਰੀਅਨ ਅਤੇ ਸੰਨੀ ਮਹਿਰਾ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕਰਕੇ ਬੁੱਧਵਾਰ ਦੇਰ ਸ਼ਾਮ ਚੰਡੀਗੜ੍ਹ ਲਿਆਂਦਾ ਗਿਆ ਸੀ।

ਪੁਲੀਸ ਮੁਤਾਬਕ ਜਦੋਂ ਕ੍ਰਾਈਮ ਬ੍ਰਾਂਚ ਦੀ ਟੀਮ ਮੁਲਜ਼ਮਾਂ ਨੂੰ ਧਨਾਸ ਜੰਗਲ ਖੇਤਰ ਰਾਹੀਂ ਦਫ਼ਤਰ ਲੈ ਕੇ ਜਾ ਰਹੀ ਸੀ ਤਾਂ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ, ਜਿਸ ਵਿੱਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ, ਸੈਕਟਰ-16 ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 13 ਜੂਨ ਨੂੰ ਦਿਨ-ਦਿਹਾੜੇ ਮੋਟਰਸਾਈਕਲ ‘ਤੇ ਆਏ ਤਿੰਨ ਹਮਲਾਵਰਾਂ ਨੇ ਸੈਕਟਰ-11 ਦੇ ਮੈਡੀਕਲ ਸਟੋਰ ‘ਤੇ ਤਾਬੜਤੋੜ ਫਾਇਰਿੰਗ ਕਰਕੇ ਕੈਸ਼ੀਅਰ ਜਾਨਕੀ ਦਾਸ ਦੀ ਹੱਤਿਆ ਕਰ ਦਿੱਤੀ ਸੀ। ਹਮਲਾਵਰਾਂ ਨੇ ਕੁਝ ਸਕਿੰਟਾਂ ਵਿੱਚ ਹੀ ਕਰੀਬ 13 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ।

ਸੂਤਰਾਂ ਅਨੁਸਾਰ ਤੀਜਾ ਮੁਲਜ਼ਮ ਅਜੇ ਵੀ ਫ਼ਰਾਰ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਨੀ ਮਹਿਰਾ ਹੀ ਮੁੱਖ ਸ਼ੂਟਰ ਸੀ, ਜਿਸ ਨੇ ਆਧੁਨਿਕ ਹਥਿਆਰ ਨਾਲ ਫਾਇਰਿੰਗ ਕੀਤੀ ਸੀ। ਹਾਲਾਂਕਿ ਪੁਲੀਸ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ। ਪੁਲੀਸ ਨੇ ਤਿੰਨ ਦਿਨਾਂ ਦੀ ਤਕਨੀਕੀ ਅਤੇ ਮੈਦਾਨੀ ਜਾਂਚ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਲੋਕੇਸ਼ਨ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਟਰੇਸ ਕੀਤੀ ਸੀ। ਕਈ ਰਾਜਾਂ ਦੀਆਂ ਪੁਲੀਸ ਟੀਮਾਂ ਦੀ ਸਾਂਝੀ ਕਾਰਵਾਈ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫ਼ਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *