ਚੰਬਾ ‘ਚ ਦਰਦਨਾਕ ਸੜਕ ਹਾਦਸਾ, ਖੱਡ ‘ਚ ਡਿੱਗੀ ਕਾਰ; 7 ਲੋਕਾਂ ਦੀ ਮੌਤ

ਚੰਬਾ 'ਚ ਦਰਦਨਾਕ ਸੜਕ ਹਾਦਸਾ, ਖੱਡ 'ਚ ...
ਚੰਬਾ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਚੰਬਾ-ਮਸਰੂੰਡ ਰੋਡ ‘ਤੇ ਛੱਤਰੁੰਡ ਨੇੜੇ ਬੁੱਧਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਗ੍ਰਾਮ ਪੰਚਾਇਤ ਕੁਥੇੜ ਦੇ ਮਹਲ ਪਿੰਡ ਦੇ ਰਹਿਣ ਵਾਲੇ ਸਨ ਅਤੇ ਇੱਕ ਸਮਾਗਮ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ। ਮੁੱਢਲੀ ਜਾਣਕਾਰੀ ਅਨੁਸਾਰ, ਛੱਤਰੁੰਡ ਨੇੜੇ ਵਾਹਨ ਚਾਲਕ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਸੜਕ ਤੋਂ ਖਿਸਕ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਟੱਕਰ ਇੰਨੀ ਭਿਆਨਕ ਸੀ ਕਿ ਵਾਹਨ ਦੇ ਪਰਖੱਚੇ ਉੱਡ ਗਏ। ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ।
ਹਾਦਸੇ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਪੁਲੀਸ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਪੁਲੀਸ, ਰਾਹਤ ਟੀਮਾਂ ਅਤੇ ਸਥਾਨਕ ਵਲੰਟੀਅਰਾਂ ਨੇ ਮਿਲ ਕੇ ਔਖੇ ਪਹਾੜੀ ਇਲਾਕੇ ਵਿੱਚ ਬਚਾਅ ਮੁਹਿੰਮ ਚਲਾ ਕੇ ਮਲਬੇ ਵਿੱਚੋਂ ਪੀੜਤਾਂ ਨੂੰ ਬਾਹਰ ਕੱਢਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸੇ ਵਾਲੇ ਸਥਾਨ ‘ਤੇ ਕਰੈਸ਼ ਬੈਰੀਅਰ ਨਹੀਂ ਲੱਗੇ ਹੋਏ, ਜਦਕਿ ਇਹ ਸੜਕ ਦਾ ਬਹੁਤ ਹੀ ਖ਼ਤਰਨਾਕ ਹਿੱਸਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਾਅ ਲਈ ਕਰੈਸ਼ ਬੈਰੀਅਰ ਅਤੇ ਹੋਰ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਚੰਬਾ ਦੇ ਪੁਲੀਸ ਸੁਪਰਡੈਂਟ ਵਿਜੇ ਕੁਮਾਰ ਸਕਲਾਨੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ‘ਤੇ ਪਹੁੰਚ ਗਈ ਸੀ ਅਤੇ ਰਾਹਤ ਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਹਰ ਪੱਖ ਤੋਂ ਕੀਤੀ ਜਾ ਰਹੀ ਹੈ, ਜਦਕਿ ਮ੍ਰਿਤਕਾਂ ਦੀ ਰਸਮੀ ਪਛਾਣ ਦੀ ਪ੍ਰਕਿਰਿਆ ਵੀ ਜਾਰੀ ਹੈ।
