ਗਰਮੀਆਂ ਦੀਆਂ ਛੁੱਟੀਆਂ ’ਚ ਸ਼ਿਮਲਾ ’ਚ ਲੱਗਿਆ ਸੈਲਾਨੀਆਂ ਦਾ ਜਮਾਵੜਾ

ਗਰਮੀਆਂ ਦੀਆਂ ਛੁੱਟੀਆਂ ’ਚ ਸ਼ਿਮਲਾ ’ਚ ਲੱਗਿਆ ਸੈਲਾਨੀਆਂ...
ਸ਼ਿਮਲਾ: ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦਿੱਲੀ, ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਪਰਿਵਾਰਾਂ ਸਮੇਤ ਸ਼ਿਮਲਾ ਅਤੇ ਹਿਮਾਚਲ ਪ੍ਰਦੇਸ਼ ਦੇ ਹੋਰ ਸੈਰ-ਸਪਾਟਾ ਸਥਾਨਾਂ ਦਾ ਰੁਖ ਕਰ ਰਹੇ ਹਨ। 1 ਮਈ ਤੋਂ 15 ਜੂਨ ਤੱਕ ਦੇ 45 ਦਿਨਾਂ ਵਿੱਚ ਕਰੀਬ 15 ਲੱਖ ਵਾਹਨ ਸ਼ਿਮਲਾ ਵਿੱਚ ਦਾਖ਼ਲ ਹੋਏ, ਜਿਸ ਕਾਰਨ ਹਾਈਵੇਅ ਅਤੇ ਲਿੰਕ ਸੜਕਾਂ ‘ਤੇ ਕਈ ਥਾਵਾਂ ‘ਤੇ ਟਰੈਫਿਕ ਜਾਮ ਦੀ ਸਥਿਤੀ ਬਣੀ ਰਹੀ।
ਪੰਜ-ਨੁਕਾਤੀ ਵਿਸ਼ੇਸ਼ ਯੋਜਨਾ ਲਾਗੂ
ਵਧਦੀ ਭੀੜ ਨੂੰ ਦੇਖਦੇ ਹੋਏ ਸ਼ਿਮਲਾ ਪੁਲੀਸ ਨੇ ਟਰੈਫਿਕ ਪ੍ਰਬੰਧਨ ਲਈ ਪੰਜ-ਨੁਕਾਤੀ ਵਿਸ਼ੇਸ਼ ਯੋਜਨਾ ਲਾਗੂ ਕੀਤੀ ਹੈ। ਐੱਸਪੀ ਗੌਰਵ ਸਿੰਘ ਨੇ ਦੱਸਿਆ ਕਿ ਅੰਦਰੂਨੀ ਸੜਕਾਂ ‘ਤੇ ਟਰੈਫਿਕ ਨੂੰ ਸੁਚਾਰੂ ਬਣਾਕੇ ਜਾਮ ਦੀ ਸਮੱਸਿਆ ਨੂੰ ਕਾਬੂ ਕੀਤਾ ਜਾ ਰਿਹਾ ਹੈ। ਹੋਟਲ ਮਾਲਕਾਂ ਮੁਤਾਬਕ ਪਿਛਲੇ ਹਫ਼ਤੇ ਹਫ਼ਤੇ ਦੇ ਆਮ ਦਿਨਾਂ ਵਿੱਚ ਹੋਟਲਾਂ ਦੀ 60 ਤੋਂ 70 ਫ਼ੀਸਦੀ ਅਤੇ ਵੀਕਐਂਡ ਦੌਰਾਨ 80 ਤੋਂ 90 ਫ਼ੀਸਦੀ ਆਕੂਪੈਂਸੀ ਦਰਜ ਕੀਤੀ ਗਈ।
ਟਰੈਫਿਕ ਕੰਟਰੋਲ ਲਈ 210 ਵਾਧੂ ਪੁਲੀਸ ਕਰਮਚਾਰੀ, ਹੋਮ ਗਾਰਡ ਅਤੇ ਵਾਲੰਟੀਅਰ ਤਾਇਨਾਤ ਕੀਤੇ ਗਏ ਹਨ। ਸ਼ਹਿਰ ਨੂੰ ਪੰਜ ਸੈਕਟਰਾਂ ਵਿੱਚ ਵੰਡ ਕੇ ਹਰ ਸੈਕਟਰ ਦੀ ਜ਼ਿੰਮੇਵਾਰੀ ਇੱਕ ਗਜ਼ਟਿਡ ਅਫ਼ਸਰ ਨੂੰ ਸੌਂਪੀ ਗਈ ਹੈ। ਇਸ ਦੇ ਨਾਲ ਹੀ 32 ਮੋਟਰਸਾਈਕਲ ਸਵਾਰ ਪੁਲੀਸ ਟੀਮਾਂ ਅਤੇ ਇੰਟਰਸੈਪਟਰ ਵਾਹਨ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਨਜ਼ਰ ਰੱਖ ਰਹੇ ਹਨ। ਪੁਲੀਸ ਅਨੁਸਾਰ ਕਾਰਟ ਰੋਡ ‘ਤੇ ਭਾਰੀ ਵਾਹਨਾਂ ਦੇ ਖ਼ਰਾਬ ਹੋਣ ਅਤੇ ਪ੍ਰਾਈਵੇਟ ਬੱਸਾਂ ਦੇ ਗ਼ਲਤ ਥਾਵਾਂ ‘ਤੇ ਰੁਕਣ ਕਾਰਨ ਜਾਮ ਦੀ ਸਮੱਸਿਆ ਵਧਦੀ ਹੈ। ਇਸ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਕਰੇਨਾਂ ਪਹਿਲਾਂ ਹੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਖ਼ਰਾਬ ਵਾਹਨਾਂ ਨੂੰ ਤੁਰੰਤ ਹਟਾਇਆ ਜਾ ਸਕੇ।
ਇਸ ਤੋਂ ਇਲਾਵਾ ਕੁਫ਼ਰੀ, ਨਾਰਕੰਡਾ, ਠਿਓਗ ਅਤੇ ਕਿੰਨੌਰ ਜਾਣ ਵਾਲੇ ਸੈਲਾਨੀਆਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਦੀ ਬਜਾਏ ਸ਼ੋਗੀ-ਮੇਹਲੀ ਬਾਈਪਾਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਰੋਜ਼ਾਨਾ ਕਰੀਬ 800 ਵਾਹਨਾਂ ਨੂੰ ਇਸ ਬਾਈਪਾਸ ਰਾਹੀਂ ਮੋੜਿਆ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੇ ਟਰੈਫਿਕ ਦਾ ਦਬਾਅ ਘਟਾਉਣ ਵਿੱਚ ਮਦਦ ਮਿਲ ਰਹੀ ਹੈ।
