ਪੰਜ ਰੋਜ਼ਾ ਮੁਫ਼ਤ ਪਤੰਜਲੀ ਯੋਗ ਕੈਂਪ ਈਕੋ ਸਿਟੀ 1 ਮੁੱਲਾਂਪੁਰ ਵਿਖੇ ਅੱਜ ਤੋਂ

ਮਾਜਰੀ, (ਰਾਜਾ ਸਿੰਘ ਭੰਗੂ) : ਸਿਹਤਮੰਦ, ਖੁਸ਼ਹਾਲ ਅਤੇ ਸੰਤੁਲਿਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਤੰਜਲੀ ਯੋਗ ਸਮਿਤੀ, ਜ਼ਿਲ੍ਹਾ ਮੋਹਾਲੀ ਵੱਲੋਂ ਪੰਜ ਰੋਜ਼ਾ ਮੁਫ਼ਤ ਯੋਗ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਯੋਗ ਕੈਂਪ ਭਲਕੇ 10 ਜੂਨ ਬੁੱਧਵਾਰ ਤੋਂ 14 ਜੂਨ ਐਤਵਾਰ ਤੱਕ ਹਰ ਰੋਜ਼ ਸਵੇਰੇ 5:30 ਵਜੇ ਤੋਂ 7:00 ਵਜੇ ਤੱਕ ਭੂਰੀ ਵਾਲੇ ਕੁਟੀਆ, ਮੁੱਲਾਂਪੁਰ ਗਰੀਬਦਾਸ, ਈਕੋ ਸਿਟੀ-1, ਨਿਊ ਚੰਡੀਗੜ੍ਹ ਵਿਖੇ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਰਮੇਸ਼ ਚੰਦਰ ਸ਼ਾਰਦਾ ਅਤੇ ਲਕਸ਼ਮੀ ਕਾਂਤ ਵਾਲੀਆ ਨੇ ਕਿਹਾ ਕਿ ਇਸ ਕੈਂਪ ਦੌਰਾਨ ਤਜਰਬੇਕਾਰ ਯੋਗਾਚਾਰੀਆਂ ਦੀ ਅਗਵਾਈ ਹੇਠ ਯੋਗ ਆਸਨ, ਪ੍ਰਾਣਾਯਾਮ, ਧਿਆਨ ਅਤੇ ਯੋਗ ਆਧਾਰਿਤ ਸਿਹਤਮੰਦ ਜੀਵਨ ਸ਼ੈਲੀ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਯੋਗ ਅਭਿਆਸ ਰਾਹੀਂ ਭਾਗੀਦਾਰਾਂ ਨੂੰ ਸਰੀਰਕ, ਮਾਨਸਿਕ ਅਤੇ ਆਤਮਿਕ ਸਿਹਤ ਸੰਬੰਧੀ ਲਾਭ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਪਤੰਜਲੀ ਯੋਗ ਸਮਿਤੀ ਨੇ ਇਲਾਕੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ, ਮਿੱਤਰਾਂ ਅਤੇ ਜਾਣ-ਪਛਾਣ ਵਾਲਿਆਂ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਯੋਗ ਸ਼ਿਵਿਰ ਵਿੱਚ ਸ਼ਮੂਲੀਅਤ ਕਰਨ ਅਤੇ ਯੋਗ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਇਸ ਮਹੱਤਵਪੂਰਨ ਅਭਿਆਨ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਇਸ ਕੈਂਪ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਨਾਲ ਯੋਗਾ ਮੈਟ ਜਾਂ ਦਰੀ ਅਤੇ ਹੋਰ ਲੋੜੀਂਦਾ ਸਮਾਨ ਜ਼ਰੂਰ ਲੈ ਕੇ ਆਉਣ। ਸਮਿਤੀ ਦੇ ਅਹੁਦੇਦਾਰਾਂ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਇਹ ਯੋਗ ਸ਼ਿਵਿਰ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਯੋਗ ਸੰਸਕ੍ਰਿਤੀ ਦੇ ਪ੍ਰਚਾਰ-ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਏਗਾ।
