ਮਿਸ਼ਨ ਹਰਿਆਲੀ 2026′ ਦੀ ਸ਼ੁਰੂਆਤ, ਪੰਜਾਬ ਭਰ ਵਿੱਚ ਲੱਗਣਗੇ 9 ਲੱਖ ਬੂਟੇ

ਮਿਸ਼ਨ ਹਰਿਆਲੀ 2026' ਦੀ...
ਚੰਡੀਗੜ੍ਹ, 24 ਜੁਲਾਈ: ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ‘ਮਿਸ਼ਨ ਹਰਿਆਲੀ 2026’ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ 9 ਲੱਖ ਬੂਟੇ ਲਗਾਏ ਜਾਣਗੇ।
ਸੀਬਾ ਸਕੂਲ, ਲਹਿਰਾਗਾਗਾ ਵਿੱਚ ਕਰਵਾਏ ਸਮਾਗਮ ਦੌਰਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਬੂਟੇ ਵੰਡੇ ਅਤੇ ਹਰ ਵਿਦਿਆਰਥੀ ਨੂੰ ਘੱਟੋ-ਘੱਟ ਇੱਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਦਰੱਖਤ ਬਣਾਉਣਾ ਵੀ ਸਾਂਝੀ ਜ਼ਿੰਮੇਵਾਰੀ ਹੈ।
ਮੰਤਰੀ ਨੇ ਅਪਣਾ ਪੰਜਾਬ ਫਾਊਂਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ 9 ਲੱਖ ਬੂਟਿਆਂ ਦੀ ਵਿਉਂਤਬੱਧ ਢੰਗ ਨਾਲ ਲਗਾਤਾਰ ਨਿਗਰਾਨੀ ਅਤੇ ਸੰਭਾਲ ਦੀ ਯੋਜਨਾ ਸ਼ਲਾਘਾਯੋਗ ਹੈ। ਫਾਊਂਡੇਸ਼ਨ ਦੇ ਫਾਊਂਡਰ ਮੈਂਬਰ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਵਾਤਾਵਰਣ ਸੁਰੱਖਿਆ ਨੂੰ ਲੋਕ ਅੰਦੋਲਨ ਬਣਾਉਣਾ ਅਤੇ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਹਰਿਆਵਲੀ ਯਕੀਨੀ ਬਣਾਉਣਾ ਹੈ।
