ਪੰਜਾਬ ‘ਚ ਮੌਸਮ ਨੇ ਲਈ ਕਰਵਟ, ਮੀਂਹ ਤੇ ਠੰਡੀਆਂ ਹਵਾਵਾਂ ਨਾਲ ਹੁੰਮਸ ਤੋਂ ਮਿਲੀ ਰਾਹਤ
ਚੰਡੀਗੜ੍ਹ, 19 ਜੁਲਾਈ: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅਸਹਿ ਹੁੰਮਸ ਭਰੀ ਗਰਮੀ ਤੋਂ ਬਾਅਦ ਐਤਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਲੈ ਲਈ। ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਠੰਡੀਆਂ ਹਵਾਵਾਂ ਕਾਰਨ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਖੇਤਰੀ ਮੌਸਮ ਵਿਭਾਗ ਅਨੁਸਾਰ ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਵੇਰੇ ਹੀ ਬਾਰਿਸ਼ ਸ਼ੁਰੂ ਹੋ ਗਈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਚੰਡੀਗੜ੍ਹ ਵਿੱਚ ਵੀ ਮੀਂਹ ਪੈਣ ਨਾਲ ਗਰਮੀ ਅਤੇ ਹੁੰਮਸ ਤੋਂ ਨਿਜਾਤ ਮਿਲੀ।
ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਮੁਤਾਬਕ ਸਵੇਰੇ 10:45 ਵਜੇ ਤੱਕ ਮੁਹਾਲੀ, ਖਰੜ, ਰਾਜਪੁਰਾ, ਡੇਰਾਬੱਸੀ, ਫ਼ਤਹਿਗੜ੍ਹ ਸਾਹਿਬ, ਬੱਸੀ ਪਠਾਣਾ, ਖਮਾਣੋਂ, ਚਮਕੌਰ ਸਾਹਿਬ, ਸਮਰਾਲਾ ਅਤੇ ਰੂਪਨਗਰ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।
ਇਸ ਤੋਂ ਇਲਾਵਾ ਦੋਆਬਾ ਅਤੇ ਮਾਝਾ ਦੇ ਕਈ ਇਲਾਕਿਆਂ, ਜਿਨ੍ਹਾਂ ਵਿੱਚ ਜਲੰਧਰ-1 ਅਤੇ 2, ਫਗਵਾੜਾ, ਬਲਾਚੌਰ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਬਟਾਲਾ, ਡੇਰਾ ਬਾਬਾ ਨਾਨਕ, ਭੁਲੱਥ, ਦਸੂਹਾ, ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ ਅਤੇ ਧਾਰ ਕਲਾਂ ਸ਼ਾਮਲ ਹਨ, ਲਈ ਵੀ ਮੱਧਮ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਨਸੂਨ ਹੋਰ ਸਰਗਰਮ ਹੋ ਸਕਦਾ ਹੈ। 20 ਜੁਲਾਈ ਤੋਂ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਚੰਡੀਗੜ੍ਹ, ਮੁਹਾਲੀ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਉਮੀਦ ਹੈ, ਜਿਸ ਨਾਲ ਗਰਮੀ ਤੋਂ ਹੋਰ ਰਾਹਤ ਮਿਲਣ ਦੀ ਸੰਭਾਵਨਾ ਹੈ।
