ਜੰਮੂ-ਕਸ਼ਮੀਰ ‘ਚ ਫਲੈਸ਼ ਫਲੱਡ ਦਾ ਕਹਿਰ, 250 ਵਾਹਨ ਵਹੇ; ਭਾਰੀ ਮੀਂਹ ਦਾ ਅਲਰਟ

ਜੰਮੂ-ਕਸ਼ਮੀਰ 'ਚ ਫਲੈਸ਼ ਫਲੱਡ ਦਾ ਕਹਿਰ...
ਨਵੀਂ ਦਿੱਲੀ/ਜੰਮੂ : ਦੇਸ਼ ਭਰ ਵਿੱਚ ਮੌਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ, ਜਿਸ ਕਾਰਨ ਉੱਤਰੀ ਅਤੇ ਉੱਤਰ-ਪੂਰਬੀ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਦੇਰ ਰਾਤ ਭਾਰੀ ਬਾਰਿਸ਼ ਤੋਂ ਬਾਅਦ ਆਏ ਫਲੈਸ਼ ਫਲੱਡ ਨੇ ਵੱਡਾ ਨੁਕਸਾਨ ਕੀਤਾ। ਧਾਰਹਾਲ ਦਰਿਆ ਵਿੱਚ ਆਏ ਤੇਜ਼ ਹੜ੍ਹ ਕਾਰਨ ਨਿਊ ਬੱਸ ਸਟੈਂਡ ਬੇਲਾ ਇਲਾਕਾ ਪਾਣੀ ਵਿੱਚ ਡੁੱਬ ਗਿਆ ਅਤੇ ਕਰੀਬ 200 ਤੋਂ 250 ਵਾਹਨ ਵਹਿ ਗਏ।
ਉੱਥੇ ਹੀ ਪੁੰਛ ਜ਼ਿਲ੍ਹੇ ਵਿੱਚ ਰਾਤ ਭਰ ਹੋਈ ਭਾਰੀ ਬਾਰਿਸ਼ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ।ਉੱਤਰਾਖੰਡ ਵਿੱਚ ਭੂ-ਸਖਲਨ ਕਾਰਨ ਕੇਦਾਰਨਾਥ ਯਾਤਰਾ ਮਾਰਗ ‘ਤੇ ਘੋੜੇ-ਖੱਚਰ ਸੇਵਾਵਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੈਲਾਸ਼-ਮਾਨਸਰੋਵਰ ਯਾਤਰੀਆਂ ਦੇ ਇੱਕ ਜਥੇ ਨੂੰ ਵੀ ਰਸਤਾ ਬੰਦ ਹੋਣ ਕਾਰਨ ਰੋਕਣਾ ਪਿਆ।
ਪਿਥੌਰਾਗੜ੍ਹ ਦੇ ਧਾਰਚੂਲਾ ਬੇਸ ਕੈਂਪ ਵਿੱਚ 50 ਯਾਤਰੀਆਂ ਵਾਲੇ ਚੌਥੇ ਜਥੇ ਨੂੰ ਗਰਬਾਧਾਰ ਖੇਤਰ ਵਿੱਚ ਭੂ-ਸਖਲਨ ਕਾਰਨ ਰੋਕਿਆ ਗਿਆ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਹੜ੍ਹ ਅਤੇ ਭੂ-ਸਖਲਨ ਦੀਆਂ ਘਟਨਾਵਾਂ ਵਿੱਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ, 29 ਜ਼ਖ਼ਮੀ ਹੋਏ ਹਨ ਅਤੇ ਲਗਭਗ 1.49 ਲੱਖ ਲੋਕ ਪ੍ਰਭਾਵਿਤ ਹੋਏ ਹਨ। ਰਾਜ ਦੇ 26 ਜ਼ਿਲ੍ਹੇ, 328 ਸਰਕਲ ਅਤੇ 576 ਪਿੰਡ ਮੌਨਸੂਨ ਦੀ ਮਾਰ ਹੇਠ ਹਨ। ਮੌਸਮ ਵਿਭਾਗ ਨੇ 20 ਜੁਲਾਈ ਲਈ ਉੱਤਰਾਖੰਡ, ਸਿੱਕਿਮ ਅਤੇ ਪੱਛਮੀ ਬੰਗਾਲ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ।
ਕਈ ਰਾਜਾਂ ਵਿੱਚ ਆਰੇਂਜ ਅਲਰਟ
ਇਸ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਮੇਘਾਲਿਆ ਅਤੇ ਹੋਰ ਕਈ ਰਾਜਾਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 21 ਜੁਲਾਈ ਲਈ ਵੀ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਹੈ, ਜਦਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
