ਭਾਰਤ ਦਾ ਪਹਿਲਾ ਨਿੱਜੀ ਆਰਬਿਟਲ ਰਾਕੇਟ ‘ਵਿਕਰਮ-1’ ਲਾਂਚ, ਨਵਾਂ ਇਤਿਹਾਸ ਰਚਿਆ

0
Harikota

ਭਾਰਤ ਦਾ ਪਹਿਲਾ ਨਿੱਜੀ ਆਰਬਿਟਲ...

ਨਵੀਂ ਦਿੱਲੀ/ਸ੍ਰੀਹਰੀਕੋਟਾ : ਭਾਰਤ ਨੇ ਸ਼ਨੀਵਾਰ ਨੂੰ ਪੁਲਾੜ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਮੀਲ ਪੱਥਰ ਹਾਸਲ ਕਰਦਿਆਂ ਦੇਸ਼ ਦਾ ਪਹਿਲਾ ਨਿੱਜੀ ਤੌਰ ‘ਤੇ ਵਿਕਸਤ ਆਰਬਿਟਲ ਰਾਕੇਟ ‘ਵਿਕਰਮ-1’ ਸਫਲਤਾਪੂਰਵਕ ਲਾਂਚ ਕੀਤਾ। ਹੈਦਰਾਬਾਦ ਸਥਿਤ ਸਕਾਈਰੂਟ ਏਅਰੋਸਪੇਸ ਵੱਲੋਂ ਵਿਕਸਤ ਇਹ ਰਾਕੇਟ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਦੁਪਹਿਰ 12:05 ਵਜੇ ‘ਮਿਸ਼ਨ ਆਗਮਨ’ ਤਹਿਤ ਲਾਂਚ ਕੀਤਾ ਗਿਆ। ਪਹਿਲਾਂ ਇਹ ਲਾਂਚਿੰਗ ਸਵੇਰੇ 11:30 ਵਜੇ ਹੋਣੀ ਸੀ, ਪਰ ਲਾਂਚ ਤੋਂ ਕੁਝ ਮਿੰਟ ਪਹਿਲਾਂ ਕਾਊਂਟਡਾਊਨ ਨੂੰ ਤਕਨੀਕੀ ਜਾਂਚ ਲਈ ਰੋਕ ਦਿੱਤਾ ਗਿਆ। ਕੁਝ ਸਮੇਂ ਬਾਅਦ ਕਾਊਂਟਡਾਊਨ ਮੁੜ ਸ਼ੁਰੂ ਕੀਤਾ ਗਿਆ ਅਤੇ ਰਾਕੇਟ ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਗਿਆ।

ਇਸ ਮਿਸ਼ਨ ਦਾ ਮੁੱਖ ਉਦੇਸ਼ ਵਿਕਰਮ-1 ਰਾਕੇਟ ਦੀ ਤਕਨੀਕੀ ਸਮਰੱਥਾ ਦੀ ਜਾਂਚ ਕਰਨਾ ਹੈ। ਰਾਕੇਟ ਨੂੰ ਧਰਤੀ ਦੀ ਲਗਭਗ 450 ਕਿਲੋਮੀਟਰ × 450 ਕਿਲੋਮੀਟਰ ਉਚਾਈ ਵਾਲੀ ਨੀਵੀਂ ਗੋਲਾਕਾਰ ਕੱਖ (Low Earth Orbit) ਤੱਕ ਉਪਗ੍ਰਹਿ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਰਾਕੇਟ ਰਾਹੀਂ ਕਈ ਵਪਾਰਕ ਅਤੇ ਤਕਨੀਕੀ ਪੇਲੋਡ ਵੀ ਪੁਲਾੜ ਵਿੱਚ ਭੇਜੇ ਗਏ ਹਨ। ਇਨ੍ਹਾਂ ਵਿੱਚ ਗ੍ਰਹਾ ਸਪੇਸ, ਕੋਸਮੋਸਰਵ ਸਪੇਸ, ਡੀਕਿਊਬਡ ਅਤੇ ਸਕਾਈਰੂਟ ਏਅਰੋਸਪੇਸ ਦੇ ਆਪਣੇ ਤਕਨੀਕੀ ਪੇਲੋਡ ਸ਼ਾਮਲ ਹਨ।

ਇਸ ਤੋਂ ਇਲਾਵਾ ‘ਕੌਸਮਿਕ ਬਲੂਮ’ ਨਾਮ ਦੀ ਕਲਾਕ੍ਰਿਤੀ ਅਤੇ 18 ਕੈਰਟ ਸੋਨੇ ਨਾਲ ਬਣਿਆ ਇੱਕ ਸੂਖਮ ਰਾਕੇਟ ਵੀ ਪੁਲਾੜ ਵਿੱਚ ਭੇਜਿਆ ਗਿਆ ਹੈ। ਇਸ ਮਾਈਕ੍ਰੋ-ਆਰਟ ਪੀਸ ‘ਤੇ ਮਹਾਨ ਵਿਗਿਆਨੀ ਸਰ ਸੀ.ਵੀ. ਰਮਨ, ਡਾ. ਵਿਕਰਮ ਸਾਰਾਭਾਈ ਅਤੇ ਡਾ. ਏ.ਪੀ.ਜੇ. ਅਬਦੁਲ ਕਲਾਮ ਦੀਆਂ ਸੂਖਮ ਤਸਵੀਰਾਂ ਉੱਕਰੀਆਂ ਗਈਆਂ ਹਨ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਹੱਥ ਨਾਲ ਲਿਖਿਆ ‘ਵੰਦੇ ਮਾਤਰਮ’ ਸ਼ਬਦਾਂ ਵਾਲਾ ਇੱਕ ਪੋਸਟਕਾਰਡ ਵੀ ਇਸ ਮਿਸ਼ਨ ਦਾ ਹਿੱਸਾ ਬਣਿਆ।

ਵਿਕਰਮ-1 ਪੂਰੀ ਤਰ੍ਹਾਂ ਕਾਰਬਨ-ਕੰਪੋਜ਼ਿਟ ਢਾਂਚੇ ਨਾਲ ਬਣਿਆ ਭਾਰਤ ਦਾ ਪਹਿਲਾ ਆਰਬਿਟਲ ਰਾਕੇਟ ਹੈ। ਕਾਰਬਨ ਫਾਈਬਰ ਸਟੀਲ ਨਾਲੋਂ ਲਗਭਗ ਪੰਜ ਗੁਣਾ ਹਲਕਾ ਹੋਣ ਕਰਕੇ ਰਾਕੇਟ ਦਾ ਭਾਰ ਘੱਟ ਹੁੰਦਾ ਹੈ ਅਤੇ ਈਂਧਨ ਦੀ ਖਪਤ ਵੀ ਘਟਦੀ ਹੈ। ਇਸ ਵਿੱਚ ਤਿੰਨ ਸੋਲਿਡ ਫਿਊਲ ਸਟੇਜ ਅਤੇ ਇੱਕ ਲਿਕਵਿਡ ਆਰਬਿਟਲ ਐਡਜਸਟਮੈਂਟ ਮਾਡਿਊਲ ਲਗਾਇਆ ਗਿਆ ਹੈ, ਜਿਸ ਨੂੰ ਪੂਰੀ ਤਰ੍ਹਾਂ 3ਡੀ-ਪ੍ਰਿੰਟਡ ਲਿਕਵਿਡ ਇੰਜਣ ਨਾਲ ਸ਼ਕਤੀ ਮਿਲਦੀ ਹੈ।

ਇਸ ਇਤਿਹਾਸਕ ਲਾਂਚ ਨਾਲ ਭਾਰਤ ਨੇ ਵਿਸ਼ਵ ਦੇ ਨਿੱਜੀ ਆਰਬਿਟਲ ਲਾਂਚ ਬਾਜ਼ਾਰ ਵਿੱਚ ਆਪਣਾ ਦਾਖਲਾ ਦਰਜ ਕਰਵਾ ਲਿਆ ਹੈ। ਮਾਹਿਰਾਂ ਮੁਤਾਬਕ ਇਹ ਉਪਲਬਧੀ ਦੇਸ਼ ਦੀਆਂ ਵਪਾਰਕ ਪੁਲਾੜ ਸਮਰੱਥਾਵਾਂ ਨੂੰ ਨਵੀਂ ਉਚਾਈ ‘ਤੇ ਲਿਜਾਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।

Leave a Reply

Your email address will not be published. Required fields are marked *