ਗਾਹਲੜੀ ਹਾਈਡਲ ਓਵਰਫਲੋਅ, ਖੇਤਾਂ ਵਿੱਚ ਵੜਿਆ ਪਾਣੀ

ਗਾਹਲੜੀ ਹਾਈਡਲ ਓਵਰਫਲੋਅ...
ਦੀਨਾਨਗਰ : ਬੀਤੀ ਅੱਧੀ ਰਾਤ ਗਾਹਲੜੀ ਹਾਈਡਲ ਨੇੜੇ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਹਾਈਡਲ ਓਵਰਫਲੋਅ ਹੋ ਗਿਆ ਅਤੇ ਪਾਣੀ ਪਿੰਡ ਗਾਹਲੜੀ ਅਤੇ ਮੁਗਲਾਣੀ ਚੱਕ ਦੇ ਕਈ ਖੇਤਾਂ ਵਿੱਚ ਦਾਖਲ ਹੋ ਗਿਆ। ਇਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੇਰ ਰਾਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਤੁਰੰਤ ਸਿੰਚਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਗਾਹਲੜੀ ਹਾਈਡਲ ਦੇ ਬੰਦ ਪਏ ਗੇਟ ਖੁਲਵਾਏ, ਜਿਸ ਨਾਲ ਪਾਣੀ ਦੀ ਨਿਕਾਸੀ ਤੇਜ਼ ਹੋ ਗਈ ਅਤੇ ਹਾਲਾਤ ਕਾਬੂ ਹੇਠ ਆ ਗਏ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਗਾਹਲੜੀ ਹੈੱਡ ਬੰਦ ਹੋਣ ਕਾਰਨ ਪਾਣੀ ਦਾ ਵਹਾਅ ਪਿੰਡਾਂ ਅਤੇ ਖੇਤਾਂ ਵੱਲ ਹੋ ਗਿਆ ਸੀ। ਸਮੇਂ ਸਿਰ ਗੇਟ ਖੋਲ੍ਹਣ ਕਾਰਨ ਵੱਡਾ ਹਾਦਸਾ ਟਲ ਗਿਆ ਅਤੇ ਸੈਂਕੜੇ ਏਕੜ ਫਸਲਾਂ ਨੂੰ ਭਾਰੀ ਨੁਕਸਾਨ ਤੋਂ ਬਚਾ ਲਿਆ ਗਿਆ। ਹਾਲਾਂਕਿ, ਕੁਝ ਖੇਤਾਂ ਵਿੱਚ ਪਾਣੀ ਭਰਨ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ ਜੇ ਗੇਟ ਖੋਲ੍ਹਣ ਵਿੱਚ ਹੋਰ ਦੇਰੀ ਹੋ ਜਾਂਦੀ ਤਾਂ ਝੋਨੇ ਸਮੇਤ ਹੋਰ ਫਸਲਾਂ ਵੱਡੇ ਪੱਧਰ ‘ਤੇ ਤਬਾਹ ਹੋ ਸਕਦੀਆਂ ਸਨ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਸਿੰਚਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਨਹਿਰੀ ਪ੍ਰਬੰਧਾਂ ਦੀ ਨਿਯਮਿਤ ਨਿਗਰਾਨੀ ਅਤੇ ਪਾਣੀ ਦੇ ਵਹਾਅ ਦਾ ਸਮੇਂ ਸਿਰ ਪ੍ਰਬੰਧ ਯਕੀਨੀ ਬਣਾਇਆ ਜਾਵੇ।
