ਨਾਟੋ ਰੱਖਿਆ ਖ਼ਰਚ ‘ਤੇ ਕਾਰਨੀ ਸਰਕਾਰ ਘਿਰੀ, ਵਿੱਤੀ ਯੋਜਨਾ ਦੇ ਅੰਕੜੇ ਜਨਤਕ ਕਰਨ ਤੋਂ ਇਨਕਾਰ

0
Canada

ਨਾਟੋ ਰੱਖਿਆ ਖ਼ਰਚ 'ਤੇ ਕਾਰਨੀ ਸਰਕਾਰ ਘਿਰੀ...

ਟੋਰਾਂਟੋ : ਕੈਨੇਡਾ ਦੀ ਲਿਬਰਲ ਸਰਕਾਰ ਨਾਟੋ (NATO) ਦੇ ਨਵੇਂ ਰੱਖਿਆ ਖ਼ਰਚ ਟੀਚਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਇਸ ਦਹਾਕੇ ਦੇ ਅੰਤ ਤੱਕ ਜੀਡੀਪੀ ਦਾ 4 ਫ਼ੀਸਦੀ ਹਿੱਸਾ ਰੱਖਿਆ ਖ਼ਰਚ ਲਈ ਮੁਹੱਈਆ ਕਰ ਦੇਵੇਗਾ, ਪਰ ਸਰਕਾਰ ਨੇ ਇਸ ਦਾਅਵੇ ਨਾਲ ਜੁੜੇ ਵਿੱਤੀ ਅੰਕੜੇ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਵਿਰੋਧੀ ਧਿਰ ਅਤੇ ਅਰਥਸ਼ਾਸਤਰੀ ਸਰਕਾਰ ਦੀ ਪਾਰਦਰਸ਼ਤਾ ‘ਤੇ ਸਵਾਲ ਉਠਾ ਰਹੇ ਹਨ।

‘ਗਲੋਬਲ ਨਿਊਜ਼’ ਮੁਤਾਬਕ, ਮਈ ਵਿੱਚ ਹੋਈ CANSEC ਰੱਖਿਆ ਕਾਨਫ਼ਰੰਸ ਅਤੇ ਜੂਨ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਰਨੀ ਨੇ ਕਿਹਾ ਸੀ ਕਿ ਕੈਨੇਡਾ ਨਾਟੋ ਦੀ ਸਮਾਂ-ਸੀਮਾ ਤੋਂ ਪਹਿਲਾਂ ਹੀ 4 ਫ਼ੀਸਦੀ ਰੱਖਿਆ ਖ਼ਰਚ ਦਾ ਟੀਚਾ ਹਾਸਲ ਕਰ ਲਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬੁਨਿਆਦੀ ਢਾਂਚੇ ਲਈ ਨਾਟੋ ਵੱਲੋਂ ਨਿਰਧਾਰਿਤ 1.5 ਫ਼ੀਸਦੀ ਖ਼ਰਚ ਦਾ ਟੀਚਾ ਵੀ ਕੈਨੇਡਾ ਪੂਰਾ ਕਰ ਰਿਹਾ ਹੈ। ਹਾਲਾਂਕਿ, ਵਿੱਤ ਮੰਤਰਾਲੇ ਨੇ ਇਸ ਸਬੰਧੀ ਕੋਈ ਵਿਸਥਾਰਪੂਰਵਕ ਵਿੱਤੀ ਜਾਣਕਾਰੀ ਜਾਰੀ ਨਹੀਂ ਕੀਤੀ।

ਅਰਥਸ਼ਾਸਤਰੀਆਂ ਅਨੁਸਾਰ, ਜੀਡੀਪੀ ਦਾ 3.5 ਫ਼ੀਸਦੀ ਰੱਖਿਆ ਖ਼ਰਚ ਹਾਸਲ ਕਰਨ ਲਈ ਕੈਨੇਡਾ ਨੂੰ ਅਗਲੇ ਦਹਾਕੇ ਦੌਰਾਨ ਹਰ ਸਾਲ ਕਰੀਬ 33.5 ਅਰਬ ਡਾਲਰ ਵਾਧੂ ਖ਼ਰਚ ਕਰਨੇ ਪੈਣਗੇ। ਵਿਸ਼ਲੇਸ਼ਣ ਮੁਤਾਬਕ, 2030 ਤੱਕ 4 ਫ਼ੀਸਦੀ ਟੀਚਾ ਪੂਰਾ ਕਰਨ ਲਈ ਸਾਲਾਨਾ ਰੱਖਿਆ ਬਜਟ ਲਗਭਗ 163 ਅਰਬ ਡਾਲਰ ਤੱਕ ਪਹੁੰਚਾਉਣਾ ਪਵੇਗਾ।

ਕੁਈਨਜ਼ ਯੂਨੀਵਰਸਿਟੀ ਦੇ ਲੋਕ ਨੀਤੀ ਪ੍ਰੋਫੈਸਰ ਅਤੇ ਸਾਬਕਾ ਐਸੋਸੀਏਟ ਡਿਪਟੀ ਵਿੱਤ ਮੰਤਰੀ ਡੌਨ ਡਰਮੰਡ ਨੇ ਸਰਕਾਰ ਦੇ ਰਵੱਈਏ ਦੀ ਆਲੋਚਨਾ ਕਰਦਿਆਂ ਕਿਹਾ ਕਿ ਇੰਨੇ ਮਹੱਤਵਪੂਰਨ ਬਜਟ ਮਾਮਲੇ ਵਿੱਚ ਇਸ ਤਰ੍ਹਾਂ ਦੀ ਗੁਪਤਤਾ ਪਹਿਲਾਂ ਕਦੇ ਨਹੀਂ ਦੇਖੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਲ ਪੱਕੀ ਵਿੱਤੀ ਯੋਜਨਾ ਹੈ ਤਾਂ ਉਸ ਨੂੰ ਸੰਸਦ ਅਤੇ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ।

Leave a Reply

Your email address will not be published. Required fields are marked *