ਟਰੰਪ ਨੇ ਨਵੇਂ ‘ਏਅਰ ਫੋਰਸ ਵਨ’ ਦਾ ਕੀਤਾ ਉਦਘਾਟਨ

ਟਰੰਪ ਨੇ ਨਵੇਂ ‘ਏਅਰ ਫੋਰਸ ਵਨ’ ਦਾ ਕੀਤਾ...
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਰੂਪ ਵਿੱਚ ਤਿਆਰ ਕੀਤੇ ਗਏ ਏਅਰ ਫੋਰਸ ਵਨ ਜਹਾਜ਼ ਦਾ ਉਦਘਾਟਨ ਕੀਤਾ ਹੈ। ਪਹਿਲਾਂ ਕਤਰ ਦੀ ਮਲਕੀਅਤ ਵਾਲੇ ਇਸ ਬੋਇੰਗ 747-8I ਜਹਾਜ਼ ਨੂੰ ਆਧੁਨਿਕ ਤਕਨੀਕ ਨਾਲ ਅਪਗ੍ਰੇਡ ਕਰਕੇ ਅਮਰੀਕੀ ਰਾਸ਼ਟਰੀ ਝੰਡੇ ਦੇ ਲਾਲ, ਚਿੱਟੇ ਅਤੇ ਗੂੜ੍ਹੇ ਨੀਲੇ ਰੰਗਾਂ ਵਿੱਚ ਰੰਗਿਆ ਗਿਆ ਹੈ। ਟਰੰਪ ਨੇ ‘ਜੁਆਇੰਟ ਬੇਸ ਐਂਡਰਿਊਜ਼’ ਵਿਖੇ ਆਯੋਜਿਤ ਸਮਾਗਮ ਦੌਰਾਨ ਕਿਹਾ ਕਿ ਨਵਾਂ ਜਹਾਜ਼ ਮੌਜੂਦਾ ਏਅਰ ਫੋਰਸ ਵਨ ਨਾਲੋਂ ਲਗਭਗ ਦੁੱਗਣਾ ਵੱਡਾ ਹੈ ਅਤੇ ਇਹ ਦੁਨੀਆ ਭਰ ਵਿੱਚ ਅਮਰੀਕਾ ਦੀ ਵਧੇਰੇ ਪ੍ਰਭਾਵਸ਼ਾਲੀ ਨੁਮਾਇੰਦਗੀ ਕਰੇਗਾ। ਉਨ੍ਹਾਂ ਕਿਹਾ ਕਿ ਪੁਰਾਣੇ ਹਲਕੇ ਆਸਮਾਨੀ ਰੰਗ ਵਾਲੇ ਜਹਾਜ਼ ਦੀ ਥਾਂ ਹੁਣ ਅਮਰੀਕੀ ਝੰਡੇ ਦੇ ਰੰਗਾਂ ਨੂੰ ਅਪਣਾਉਣ ਦਾ ਸਮਾਂ ਆ ਗਿਆ ਸੀ।
ਨਵੇਂ ਜਹਾਜ਼ ਦੀ ਪੂਛ ‘ਤੇ ਅਮਰੀਕੀ ਰਾਸ਼ਟਰੀ ਝੰਡਾ ਵੀ ਦਰਸਾਇਆ ਗਿਆ ਹੈ। ਅਮਰੀਕੀ ਹਵਾਈ ਸੈਨਾ ਮੁਤਾਬਕ, ਰਾਸ਼ਟਰਪਤੀ ਦੀਆਂ ਅਧਿਕਾਰਕ ਯਾਤਰਾਵਾਂ ਲਈ ਵਰਤੋਂ ਤੋਂ ਪਹਿਲਾਂ ਜਹਾਜ਼ ਦੀਆਂ ਅੰਤਿਮ ਟੈਸਟ ਉਡਾਣਾਂ ਕਰਵਾਈਆਂ ਜਾਣਗੀਆਂ। ਟਰੰਪ ਨੇ ਦੱਸਿਆ ਕਿ ਬੋਇੰਗ ਵੱਲੋਂ ਏਅਰ ਫੋਰਸ ਵਨ ਦੇ ਨਵੇਂ ਜਹਾਜ਼ਾਂ ਦੀ ਸਪਲਾਈ ਵਿੱਚ ਹੋ ਰਹੀ ਦੇਰੀ ਕਾਰਨ ਉਨ੍ਹਾਂ ਨੇ ਕਤਰ ਦੇ ਅਮੀਰ ਤੋਂ ਇਹ ਜਹਾਜ਼ ਹਾਸਲ ਕਰਨ ਦੀ ਪਹਿਲ ਕੀਤੀ।
ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬੇੜੇ ਦੇ ਪੁਰਾਣੇ ਜਹਾਜ਼ਾਂ ਦੀ ਤੁਲਨਾ ਵਿਦੇਸ਼ੀ ਸਰਕਾਰਾਂ ਦੇ ਆਧੁਨਿਕ ਜਹਾਜ਼ਾਂ ਨਾਲ ਕੀਤੀ ਜਾ ਰਹੀ ਸੀ, ਜਿਸ ਕਰਕੇ ਨਵੇਂ ਅਤੇ ਆਧੁਨਿਕ ਜਹਾਜ਼ ਦੀ ਲੋੜ ਮਹਿਸੂਸ ਕੀਤੀ ਗਈ।
