‘ਨਸ਼ਾ ਮੁਕਤ ਭਾਰਤ ਹਫ਼ਤਾ’ ਨੂੰ ਲੈ ਕੇ ਉੱਠ ਰਹੇ ਸਵਾਲ; ਅਧਿਆਪਕ ਬੰਦ ਸਕੂਲਾਂ ‘ਚ ਕਿਨ੍ਹਾਂ ਨੂੰ ਕਰਨ ਜਾਗਰੂਕ ?

0
Nasha

‘ਨਸ਼ਾ ਮੁਕਤ ਭਾਰਤ ਹਫ਼ਤਾ’ ਨੂੰ ਲੈ ਕੇ ਉੱਠ ਰਹੇ...

ਚੰਡੀਗੜ੍ਹ: ਪੰਜਾਬ ਵਿੱਚ ਇਸ ਸਮੇਂ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਸਕੂਲ ਬੰਦ ਹਨ ਅਤੇ ਵਿਦਿਆਰਥੀ ਆਪਣੇ ਘਰਾਂ ਜਾਂ ਰਿਸ਼ਤੇਦਾਰਾਂ ਕੋਲ ਛੁੱਟੀਆਂ ਬਿਤਾ ਰਹੇ ਹਨ। ਇਸੇ ਦੌਰਾਨ ਸਿੱਖਿਆ ਵਿਭਾਗ ਵੱਲੋਂ 17 ਤੋਂ 26 ਜੂਨ ਤੱਕ ‘ਨਸ਼ਾ ਮੁਕਤ ਭਾਰਤ ਹਫ਼ਤਾ’ ਮਨਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ ਅਧਿਆਪਕਾਂ ਵਿਚਾਲੇ ਇਸ ਦੀ ਟਾਈਮਿੰਗ ਨੂੰ ਲੈ ਕੇ ਚਰਚਾ ਛਿੜ ਗਈ ਹੈ।

ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਸਕੂਲਾਂ ਵਿੱਚ ਵਿਦਿਆਰਥੀ ਮੌਜੂਦ ਹੀ ਨਹੀਂ ਹਨ ਤਾਂ ਸਕੂਲ ਅਧਾਰਿਤ ਜਾਗਰੂਕਤਾ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣਾ ਮੁਸ਼ਕਲ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ, ਖ਼ਾਸ ਕਰਕੇ ਪੰਜਾਬ ਵਰਗੇ ਸੂਬੇ ਵਿੱਚ, ਪਰ ਇਸ ਲਈ ਸਹੀ ਸਮੇਂ ਦੀ ਚੋਣ ਵੀ ਉਨੀ ਹੀ ਮਹੱਤਵਪੂਰਨ ਹੈ।

ਵਿਭਾਗ ਵੱਲੋਂ ਸਕੂਲਾਂ ਨੂੰ ਪੋਸਟਰ ਮੁਹਿੰਮਾਂ, ਆਨਲਾਈਨ ਗਤੀਵਿਧੀਆਂ ਅਤੇ ਭਾਈਚਾਰਕ ਪੱਧਰ ‘ਤੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਗਤੀਵਿਧੀਆਂ ਦੀਆਂ ਤਸਵੀਰਾਂ, ਵੇਰਵੇ ਅਤੇ ਐਕਸ਼ਨ ਟੇਕਨ ਰਿਪੋਰਟ (ATR) ਪੋਰਟਲ ‘ਤੇ ਅਪਲੋਡ ਕਰਨ ਲਈ ਵੀ ਕਿਹਾ ਗਿਆ ਹੈ।

ਅਧਿਆਪਕਾਂ ਦਾ ਦੋਸ਼ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਹੁਣ ਸਿਰਫ਼ ਆਰਾਮ ਦਾ ਸਮਾਂ ਨਹੀਂ ਰਹਿ ਗਿਆ। ਛੁੱਟੀਆਂ ਦੌਰਾਨ ਵੀ ਆਨਲਾਈਨ ਮੀਟਿੰਗਾਂ, ਡੇਟਾ ਅਪਲੋਡ ਅਤੇ ਵੱਖ-ਵੱਖ ਵਿਭਾਗੀ ਰਿਪੋਰਟਾਂ ਤਿਆਰ ਕਰਨ ਦਾ ਕੰਮ ਲਗਾਤਾਰ ਚੱਲਦਾ ਰਹਿੰਦਾ ਹੈ। ਨਸ਼ਾ ਮੁਕਤੀ ਮੁਹਿੰਮ ਨਾਲ ਜੁੜੀਆਂ ਵਾਧੂ ਜ਼ਿੰਮੇਵਾਰੀਆਂ ਨੇ ਉਨ੍ਹਾਂ ‘ਤੇ ਕੰਮ ਦਾ ਬੋਝ ਹੋਰ ਵਧਾ ਦਿੱਤਾ ਹੈ।

ਸਿੱਖਿਆ ਜਗਤ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਹ ਮੁਹਿੰਮ ਸਕੂਲ ਖੁੱਲ੍ਹਣ ਤੋਂ ਬਾਅਦ ਚਲਾਈ ਜਾਂਦੀ ਤਾਂ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਨੁੱਕੜ ਨਾਟਕ, ਸੈਮੀਨਾਰ, ਭਾਸ਼ਣ ਮੁਕਾਬਲੇ, ਕਾਊਂਸਲਿੰਗ ਸੈਸ਼ਨ ਅਤੇ ਮਾਪੇ-ਅਧਿਆਪਕ ਮੀਟਿੰਗਾਂ ਰਾਹੀਂ ਇਸ ਦਾ ਸੰਦੇਸ਼ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕਦਾ ਸੀ।

ਭਾਵੇਂ ਨਸ਼ਿਆਂ ਖ਼ਿਲਾਫ਼ ਮੁਹਿੰਮ ਦੀ ਲੋੜ ‘ਤੇ ਕੋਈ ਸਵਾਲ ਨਹੀਂ ਉੱਠ ਰਿਹਾ, ਪਰ ਅਧਿਆਪਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਮੁਹਿੰਮਾਂ ਦੀ ਯੋਜਨਾ ਬਣਾਉਂਦੇ ਸਮੇਂ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਨੂੰ ਧਿਆਨ ਵਿੱਚ ਰੱਖਣਾ ਲਾਜ਼ਮੀ ਹੈ, ਤਾਂ ਜੋ ਇਨ੍ਹਾਂ ਦਾ ਅਸਲ ਮਕਸਦ ਸਫ਼ਲ ਹੋ ਸਕੇ।,l

Leave a Reply

Your email address will not be published. Required fields are marked *