ਸ਼ੰਭੂ ਰੇਲਵੇ ਟ੍ਰੈਕ ਧਮਾਕਾ ਮਾਮਲਾ: NIA ਨੇ ਮੁੱਖ ਮੁਲਜ਼ਮ ਬਾਬਾ ਬੇਅੰਤ ਨੂੰ ਕੀਤਾ ਗ੍ਰਿਫ਼ਤਾਰ

0
Shambu Track

ਸ਼ੰਭੂ ਰੇਲਵੇ ਟ੍ਰੈਕ ਧਮਾਕਾ ਮਾਮਲਾ...

ਮੁਹਾਲੀ: ਪਟਿਆਲਾ ਦੇ ਸ਼ੰਭੂ ਨੇੜੇ ਡੈਡੀਕੇਟਿਡ ਫ੍ਰੇਟ ਕਾਰੀਡੋਰ (DFC) ਰੇਲਵੇ ਟ੍ਰੈਕ ’ਤੇ ਹੋਏ ਧਮਾਕੇ ਦੇ ਮਾਮਲੇ ਵਿੱਚ National Investigation Agency (NIA) ਨੇ ਮੁੱਖ ਮੁਲਜ਼ਮ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਜਿੰਦਰ ਸਿੰਘ ਪਹਿਲਾਂ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਐਨਆਈਏ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ਵਿੱਚ ਲੈ ਕੇ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ। ਏਜੰਸੀ ਨੇ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਨੂੰ 8 ਦਿਨਾਂ ਲਈ ਐਨਆਈਏ ਰਿਮਾਂਡ ’ਤੇ ਭੇਜ ਦਿੱਤਾ।

ਇਹ ਮਾਮਲਾ 27 ਅਪ੍ਰੈਲ ਦੀ ਰਾਤ ਦਾ ਹੈ, ਜਦੋਂ ਸ਼ੰਭੂ ਇਲਾਕੇ ਵਿੱਚ ਰੇਲਵੇ ਟ੍ਰੈਕ ’ਤੇ ਧਮਾਕਾ ਹੋਇਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਟ੍ਰੈਕ ’ਤੇ ਆਈਈਡੀ ਲਗਾਉਣ ਦੀ ਕੋਸ਼ਿਸ਼ ਦੌਰਾਨ ਧਮਾਕਾ ਸਮੇਂ ਤੋਂ ਪਹਿਲਾਂ ਹੋ ਗਿਆ ਸੀ। ਇਸ ਘਟਨਾ ਵਿੱਚ ਤਰਨਤਾਰਨ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ ਉਰਫ਼ ਜੂਪਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।

ਜਾਂਚ ਏਜੰਸੀਆਂ ਅਨੁਸਾਰ ਜਗਰੂਪ ਸਿੰਘ ਇਸ ਸਾਜ਼ਿਸ਼ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਸੀ ਅਤੇ ਰੇਲਵੇ ਟ੍ਰੈਕ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਦਾ ਹਿੱਸਾ ਸੀ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਮਾਡਿਊਲ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ’ਤੇ ਪੰਜਾਬ ਵਿੱਚ ਦਹਿਸ਼ਤ ਅਤੇ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਐਨਆਈਏ ਹੁਣ ਰਿਮਾਂਡ ਦੌਰਾਨ ਮੁਲਜ਼ਮ ਤੋਂ ਪਾਕਿਸਤਾਨ ਅਤੇ ਮਲੇਸ਼ੀਆ ਵਿੱਚ ਬੈਠੇ ਕਥਿਤ ਹੈਂਡਲਰਾਂ ਨਾਲ ਸਬੰਧਾਂ, ਮਾਡਿਊਲ ਦੇ ਨੈੱਟਵਰਕ, ਫੰਡਿੰਗ ਦੇ ਸਰੋਤਾਂ, ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਸਪਲਾਈ ਬਾਰੇ ਪੁੱਛਗਿੱਛ ਕਰੇਗੀ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹੀ ਮਾਡਿਊਲ ਜਨਵਰੀ 2026 ਵਿੱਚ ਸਰਹਿੰਦ ਰੇਲਵੇ ਟ੍ਰੈਕ ’ਤੇ ਹੋਏ ਧਮਾਕੇ ਅਤੇ ਮੋਗਾ ਵਿੱਚ ਹੋਏ ਗ੍ਰਨੇਡ ਹਮਲੇ ਨਾਲ ਵੀ ਜੁੜਿਆ ਹੋ ਸਕਦਾ ਹੈ। ਐਨਆਈਏ ਹੁਣ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਅਤੇ ਵਿਦੇਸ਼ਾਂ ਵਿੱਚ ਬੈਠੇ ਸੰਚਾਲਕਾਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਜਾਂਚ ਨੂੰ ਅੱਗੇ ਵਧਾ ਰਹੀ ਹੈ।

Leave a Reply

Your email address will not be published. Required fields are marked *