ਮਾਡਿਊਲ ਬੇਨਕਾਬ: 6 ਅਧੁਨਿਕ ਪਿਸਤੌਲ, 1 ਕਿਲੋ ਹੈਰੋਇਨ ਤੇ 1 ਕਿਲੋ ਅਫੀਮ ਸਮੇਤ ਦੋ ਕਾਬੂ

0
police

ਮਾਡਿਊਲ ਬੇਨਕਾਬ: 6 ਅਧੁਨਿਕ ਪਿਸਤੌਲ...

ਚੰਡੀਗੜ੍ਹ/ਅੰਮ੍ਰਿਤਸਰ, 23 ਜੁਲਾਈ: ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 1 ਕਿਲੋ ਅਫੀਮ ਅਤੇ 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਵਿਦੇਸ਼ੀ ਹੈਂਡਲਰ ਦੇ ਸਿੱਧੇ ਸੰਪਰਕ ਵਿੱਚ ਰਹਿ ਕੇ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜੋਗਾ ਸਿੰਘ (45) ਵਾਸੀ ਪਿੰਡ ਡੱਲ ਅਤੇ ਮਨਪ੍ਰੀਤ ਸਿੰਘ (28) ਵਾਸੀ ਪਿੰਡ ਕਾਲੀ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਦੋ .30 ਬੋਰ ਐਕਸ-ਸ਼ਾਟ, ਦੋ .30 ਬੋਰ ਚੀਨੀ, ਇੱਕ .30 ਬੋਰ ਤੁਰਕੀ ਜ਼ਿਗਾਨਾ ਅਤੇ ਇੱਕ .30 ਬੋਰ ਪੀਐਕਸ-5 ਸਟੋਰਮ ਪਿਸਤੌਲ ਬਰਾਮਦ ਕੀਤੇ ਹਨ। ਤਸਕਰੀ ਵਿੱਚ ਵਰਤਿਆ ਜਾਣ ਵਾਲਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ।

ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ‘ਤੇ ਪਹਿਲਾਂ ਜੋਗਾ ਸਿੰਘ ਨੂੰ ਚਾਰ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ‘ਤੇ ਦੋ ਹੋਰ ਪਿਸਤੌਲ ਬਰਾਮਦ ਹੋਏ। ਇਸ ਤੋਂ ਬਾਅਦ ਵੱਖਰੇ ਆਪਰੇਸ਼ਨ ਵਿੱਚ ਮਨਪ੍ਰੀਤ ਸਿੰਘ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਖੁਲਾਸੇ ‘ਤੇ 1 ਕਿਲੋ ਅਫੀਮ ਅਤੇ 10 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ।

ਸਰਹੱਦ ਪਾਰ ਤਸਕਰੀ

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੋਗਾ ਸਿੰਘ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਚਲਾ ਰਿਹਾ ਸੀ, ਜਦਕਿ ਮਨਪ੍ਰੀਤ ਸਿੰਘ ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ‘ਤੇ ਸਰਹੱਦ ਪਾਰੋਂ ਨਸ਼ਾ ਤਸਕਰੀ ਮਾਡਿਊਲ ਸੰਭਾਲ ਰਿਹਾ ਸੀ। ਪੁਲਿਸ ਵਿਦੇਸ਼ੀ ਹੈਂਡਲਰ ਅਤੇ ਉਸ ਨਾਲ ਜੁੜੇ ਹੋਰ ਸਾਥੀਆਂ ਦੀ ਪਛਾਣ ਲਈ ਜਾਂਚ ਕਰ ਰਹੀ ਹੈ।

ਪੁਲਿਸ ਮੁਤਾਬਕ ਜੋਗਾ ਸਿੰਘ ਇੱਕ ਆਦਤਨ ਅਪਰਾਧੀ ਹੈ, ਜਿਸ ਖ਼ਿਲਾਫ਼ ਕਤਲ, ਅਸਲਾ ਐਕਟ, ਐਨਡੀਪੀਐਸ ਐਕਟ, ਚੋਰੀ, ਡਕੈਤੀ ਅਤੇ ਲੁੱਟ ਸਮੇਤ 21 ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ। ਉਸ ਵਿਰੁੱਧ ਪਹਿਲਾ ਕੇਸ ਸਾਲ 2002 ਵਿੱਚ ਅਸਲਾ ਐਕਟ ਤਹਿਤ ਦਰਜ ਹੋਇਆ ਸੀ। ਸਾਲ 2019 ਵਿੱਚ ਰਾਵੀ ਦਰਿਆ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਲੈਣ ਦੀ ਕੋਸ਼ਿਸ਼ ਨਾਲ ਜੁੜੇ ਮਾਮਲੇ ਵਿੱਚ ਵੀ ਉਸ ਦਾ ਨਾਮ ਸਾਹਮਣੇ ਆਇਆ ਸੀ, ਜਿਸ ਦੌਰਾਨ ਉਸ ਦਾ ਇੱਕ ਸਾਥੀ ਦਰਿਆ ਵਿੱਚ ਡੁੱਬ ਗਿਆ ਸੀ।

ਇਸ ਸਬੰਧੀ ਥਾਣਾ ਛੇਹਰਟਾ ਵਿੱਚ ਅਸਲਾ ਐਕਟ ਅਤੇ ਥਾਣਾ ਛਾਉਣੀ ਵਿੱਚ ਐਨਡੀਪੀਐਸ ਐਕਟ ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਕਰਕੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *