ਬਿਜਲੀ ਕਾਮਿਆਂ ਦਾ ਪੰਜਾਬ ਸਰਕਾਰ ਤੇ ਪਾਵਰ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ

ਬਿਜਲੀ ਕਾਮਿਆਂ ਦਾ ਪੰਜਾਬ ਸਰਕਾਰ...
ਖਰੜ, 23 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ‘ਤੇ ਵੀਰਵਾਰ ਨੂੰ ਸਿਟੀ-1 ਖਰੜ ਦੇ ਸਮੂਹ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਹੱਲ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਟੀ.ਐਸ.ਯੂ. ਖਰੜ ਦੇ ਡਵੀਜ਼ਨ ਪ੍ਰਧਾਨ ਬਲਵਿੰਦਰ ਸਿੰਘ ਰਡਿਆਲਾ, ਸੁਖਵਿੰਦਰ ਸਿੰਘ ਦੁੱਮਣਾ, ਸਰਕਲ ਰੋਪੜ ਦੇ ਪ੍ਰਧਾਨ ਸੁਖਜਿੰਦਰ ਸਿੰਘ, ਜੋਨ ਆਗੂ ਯੋਗ ਰਾਜ ਸਿੰਘ ਅਤੇ ਨਿਰਮੈਲ ਸਿੰਘ, ਪੈਨਸ਼ਨਰ ਆਗੂ ਗੁਰਿੰਦਰ ਸਿੰਘ, ਐਮ.ਐਸ.ਯੂ. ਪੰਜਾਬ ਦੀ ਆਗੂ ਰੰਜੂ ਮੈਡਮ, ਪੈਨਸ਼ਨਰ ਸਕੱਤਰ ਭੁਪਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਨੇ ਕਿਹਾ ਕਿ ਬਿਜਲੀ ਕਾਮਿਆਂ ਦੀਆਂ 16 ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਕੀਤਾ ਗਿਆ।
ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਬਿਜਲੀ ਕਾਮਿਆਂ ਨੂੰ ਨਿਗਮ ਦੇ ਤਨਖ਼ਾਹ ਸਕੇਲ ਲਾਗੂ ਕਰਨਾ, ਸੋਲੇਸੀਅਮ ਲੈਣ ਵਾਲੇ ਕਾਮਿਆਂ ਤੋਂ 12 ਫ਼ੀਸਦੀ ਵਿਆਜ ਸਮੇਤ ਕੀਤੀ ਜਾ ਰਹੀ ਉਗਰਾਹੀ ਬੰਦ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਅਤੇ ਹੋਰ ਲੰਬਿਤ ਮੰਗਾਂ ਦਾ ਤੁਰੰਤ ਨਿਪਟਾਰਾ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਪਾਵਰ ਮੈਨੇਜਮੈਂਟ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਦਿੱਤੇ ਗਏ ਅਤੇ ਕਿਸੇ ਵੀ ਮੰਗ ਦੇ ਹੱਲ ਲਈ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ। ਇਸੇ ਕਾਰਨ ਬਿਜਲੀ ਕਾਮਿਆਂ ਨੂੰ 21 ਤੋਂ 24 ਜੁਲਾਈ ਤੱਕ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪਾਵਰ ਮੈਨੇਜਮੈਂਟ ਨੇ ਜਲਦ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਰੱਤੂ, ਗੋਪੀ ਚੰਦ, ਰਮੇਸ਼ ਕੁਮਾਰ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਮੁਕੇਸ਼ ਕੁਮਾਰ, ਕੇਵਲ ਸਿੰਘ, ਸਤਵੀਰ ਸਿੰਘ (ਜੇ.ਈ.), ਪ੍ਰੀਤੀ ਸ਼ਰਮਾ, ਕਿਰਨ, ਅਰਸ਼ਦੀਪ ਸਿੰਘ, ਪੂਜਾ, ਮਨਦੀਪ ਸਿੰਘ, ਗੁਲਜ਼ਾਰ ਸਿੰਘ, ਹਰਜਿੰਦਰ ਸਿੰਘ, ਸੁਖਵੀਰ ਸਿੰਘ, ਜਰਨੈਲ ਸਿੰਘ, ਭਾਗ ਸਿੰਘ, ਗੁਰਬਚਨ ਸਿੰਘ, ਰਾਜੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਕਾਮੇ ਹਾਜ਼ਰ ਸਨ।
