ਵਿਵਾਦਿਤ ਵਾਇਰਲ ਵੀਡੀਓ ਮਾਮਲੇ ’ਤੇ ਐਸ. ਜੀ. ਪੀ. ਸੀ. ਕਰੇਗੀ ਸਾਂਝਾ ਫ਼ੈਸਲਾ

ਵਿਵਾਦਿਤ ਵਾਇਰਲ ਵੀਡੀਓ ਮਾਮਲੇ ’ਤੇ...
ਅੰਮ੍ਰਿਤਸਰ : ਵਿਵਾਦਤ ਵਾਇਰਲ ਵੀਡੀਓ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸੱਦਿਆ ਗਿਆ ਪੰਥਕ ਇਕੱਠ ਐਤਵਾਰ ਸਵੇਰੇ ਕਰੀਬ 11 ਵਜੇ ਸ਼ੁਰੂ ਹੋ ਗਿਆ। ਇਸ ਇਕੱਠ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰ ਰਹੇ ਹਨ। ਇਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸੰਗਤ ਸ਼ਾਮਲ ਹੋਈ ਹੈ।
ਇਸ ਪੰਥਕ ਇਕੱਠ ਦੌਰਾਨ ਵਿਵਾਦਤ ਵਾਇਰਲ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਸੁਣਾਏ ਗਏ ਧਾਰਮਿਕ ਫ਼ੈਸਲੇ ਦੇ ਮੱਦੇਨਜ਼ਰ ਅਗਲੀ ਰਣਨੀਤੀ ਅਤੇ ਸਾਂਝੀ ਰਾਏ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਵੱਖ-ਵੱਖ ਜਥੇਬੰਦੀਆਂ ਦੇ ਸੁਝਾਵਾਂ ਦੇ ਆਧਾਰ ‘ਤੇ ਇਸ ਮਾਮਲੇ ਵਿੱਚ ਸਾਂਝਾ ਫ਼ੈਸਲਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ‘ਗੁਰੂ ਦੋਖੀ’ ਅਤੇ ‘ਪੰਥ ਵਿਰੋਧੀ’ ਕਰਾਰ ਦਿੰਦਿਆਂ ਸਿੱਖ ਸੰਗਤ ਨੂੰ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਕਰਨ ਦਾ ਹੁਕਮਨਾਮਾ ਜਾਰੀ ਕਰ ਚੁੱਕੇ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਗੁਰਦੁਆਰਿਆਂ ਵਿੱਚ ਹੁਕਮਨਾਮੇ ਵਾਲੇ ਫਲੈਕਸ ਬੋਰਡ ਵੀ ਲਗਾਏ ਗਏ ਹਨ।
ਇਸੇ ਦੌਰਾਨ ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਮੱਥਾ ਟੇਕਣ ਆਏ ਸ਼ਰਧਾਲੂਆਂ ਦੇ ਗਲਾਂ ਵਿੱਚ ਲਟਕ ਰਹੇ ਮੁੱਖ ਮੰਤਰੀ ਦੀ ਤਸਵੀਰ ਵਾਲੇ ਪਛਾਣ ਪੱਤਰ (ਆਈਡੀ ਕਾਰਡ) ‘ਤੇ ਕੁਝ ਸਿੱਖ ਨੌਜਵਾਨਾਂ ਨੇ ਇਤਰਾਜ਼ ਜਤਾਇਆ ਅਤੇ ਉਨ੍ਹਾਂ ਨੂੰ ਕਾਰਡ ਉਤਾਰਨ ਲਈ ਕਿਹਾ।
ਸ਼੍ਰੋਮਣੀ ਕਮੇਟੀ ਮੁਤਾਬਕ ਵਿਵਾਦਤ ਵੀਡੀਓ ਦੀ ਜਾਂਚ ਦੇਸ਼ ਦੀਆਂ ਦੋ ਨਾਮਵਰ ਫੋਰੈਂਸਿਕ ਲੈਬਾਰਟਰੀਆਂ ਤੋਂ ਕਰਵਾਈ ਗਈ ਸੀ। ਫੋਰੈਂਸਿਕ ਰਿਪੋਰਟ ਵਿੱਚ ਵੀਡੀਓ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਜਾਂ ਏਆਈ ਆਧਾਰਿਤ ਡੀਪਫੇਕ ਹੋਣ ਦੀ ਪੁਸ਼ਟੀ ਨਹੀਂ ਹੋਈ। ਇਸੇ ਰਿਪੋਰਟ ਦੇ ਆਧਾਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਖ਼ਿਲਾਫ਼ ਧਾਰਮਿਕ ਕਾਰਵਾਈ ਕੀਤੀ ਸੀ।
