ਖਾਮੇਨੇਈ ਦਾ ਅੰਤਿਮ ਸੰਸਕਾਰ : ਤੇਹਰਾਨ ਵਿੱਚ ਉਮੜਿਆ ਜਨਸੈਲਾਬ

ਖਾਮੇਨੇਈ ਦਾ ਅੰਤਿਮ ਸੰਸਕਾਰ : ਤੇਹਰਾਨ...
ਤੇਹਰਾਨ/ਵਾਸ਼ਿੰਗਟਨ : ਈਰਾਨ ਦੇ ਸਰਵੋਚ ਆਗੂ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਅੰਤਿਮ ਸੰਸਕਾਰ ਵਿੱਚ ਈਰਾਨ ਦਾ ਪੂਰਾ ਸਿਖਰਲਾ ਨੇਤ੍ਰਿਤਵ ਮੌਜੂਦ ਸੀ ਅਤੇ ਅਮਰੀਕਾ ਚਾਹੁੰਦਾ ਤਾਂ ਇੱਕ ਹੀ ਹਮਲੇ ਵਿੱਚ ਸਭ ਨੂੰ ਖਤਮ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਨਹੀਂ ਕੀਤਾ ਗਿਆ ਕਿਉਂਕਿ “ਫਿਰ ਗੱਲਬਾਤ ਲਈ ਕੋਈ ਨਹੀਂ ਬਚਣਾ ਸੀ।” ਟਰੰਪ ਨੇ ਜਨਾਜ਼ੇ ਦੌਰਾਨ ਰੋ ਰਹੇ ਲੋਕਾਂ ‘ਤੇ ਵੀ ਤੰਜ ਕੱਸਦਿਆਂ ਕਿਹਾ ਕਿ ਸ਼ਾਇਦ ਇਹ ਹੰਝੂ ਵੀ ਨਕਲੀ ਹੋਣ।
ਟਰੰਪ ਦੇ ਇਸ ਬਿਆਨ ‘ਤੇ ਈਰਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਅਰਮੀਨੀਆ ਸਥਿਤ ਈਰਾਨੀ ਦੂਤਾਵਾਸ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਲੋਕਾਂ ਨੂੰ ਮਾਰਿਆ ਜਾ ਸਕਦਾ ਹੈ, ਪਰ ਵਿਚਾਰਾਂ ਨੂੰ ਨਹੀਂ। ਤੁਹਾਡੇ ਕੋਲ ਨਾ ਸਭਿਆਚਾਰ ਹੈ, ਨਾ ਇਤਿਹਾਸ ਅਤੇ ਨਾ ਹੀ ਸਨਮਾਨ।” ਇਸ ਦੌਰਾਨ ਤੇਹਰਾਨ ਸਥਿਤ ਇਮਾਮ ਖੁਮੈਨੀ ਗ੍ਰੈਂਡ ਮੋਸੱਲਾ ਵਿੱਚ ਤੀਜੇ ਦਿਨ ਵੀ ਲੱਖਾਂ ਲੋਕ ਅੰਤਿਮ ਦਰਸ਼ਨਾਂ ਲਈ ਪਹੁੰਚੇ। ਅੰਤਿਮ ਸੰਸਕਾਰ ਦੌਰਾਨ “ਅਮਰੀਕਾ ਮੁਰਦਾਬਾਦ” ਅਤੇ “ਇਜ਼ਰਾਈਲ ਮੁਰਦਾਬਾਦ” ਦੇ ਨਾਅਰੇ ਵੀ ਲਗੇ। ਸਮਾਗਮ ਵਿੱਚ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਨੇ ਵੀ ਹਿੱਸਾ ਲਿਆ।
ਅੰਤਿਮ ਸੰਸਕਾਰ ਨੂੰ ਦੇਖਦਿਆਂ ਤੇਹਰਾਨ ਵਿੱਚ ਅਭੂਤਪੂਰਵ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਫੌਜ ਅਤੇ ਪੁਲਿਸ ਦੀ ਭਾਰੀ ਤਾਇਨਾਤੀ ਦੇ ਨਾਲ-ਨਾਲ ਮੈਟਰੋ ਅਤੇ ਸਰਕਾਰੀ ਬੱਸ ਸੇਵਾਵਾਂ ਮੁਫ਼ਤ ਚਲਾਈਆਂ ਗਈਆਂ। ਹੋਟਲਾਂ ਵਿੱਚ ਵਿਸ਼ੇਸ਼ ਛੂਟ ਦਿੱਤੀ ਗਈ, 5,000 ਤੋਂ ਵੱਧ ਸਕੂਲਾਂ ਵਿੱਚ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਅਤੇ ਹੋਰ ਸ਼ਹਿਰਾਂ ਤੋਂ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਗਈਆਂ।
ਦੱਸਿਆ ਗਿਆ ਹੈ ਕਿ ਖਾਮੇਨੇਈ ਦੀ ਅੰਤਿਮ ਯਾਤਰਾ ਤੇਹਰਾਨ ਤੋਂ ਸ਼ੁਰੂ ਹੋ ਕੇ ਕੋਮ, ਇਰਾਕ ਦੇ ਕਰਬਲਾ ਅਤੇ ਨਜਫ ਹੁੰਦੀ ਹੋਈ 9 ਜੁਲਾਈ ਨੂੰ ਮਸ਼ਹਦ ਪਹੁੰਚੇਗੀ, ਜਿੱਥੇ ਉਨ੍ਹਾਂ ਨੂੰ ਸੁਪੁਰਦ-ਏ-ਖਾਕ ਕੀਤਾ ਜਾਵੇਗਾ। ਇਸ ਦੌਰਾਨ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀਆਂ ਅਸਿੱਧੀਆਂ ਗੱਲਬਾਤਾਂ ਫਿਲਹਾਲ ਰੋਕ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਈਰਾਨ ਨੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੂੰ ਫੋਰਡੋ, ਨਤਾਂਜ਼ ਅਤੇ ਇਸਫਹਾਨ ਸਥਿਤ ਪਰਮਾਣੂ ਕੇਂਦਰਾਂ ਦੇ ਨਿਰੀਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
