ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ‘ਚ ਨਿਹੰਗ ਆਗੂ ‘ਤੇ ਹਮਲੇ ਦੀ ਕੋਸ਼ਿਸ਼

0
Nihang

ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ 'ਚ ਨਿਹੰਗ...

ਮੁਹਾਲੀ : ਮੁਹਾਲੀ ਦੇ ਸੋਹਾਣਾ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਐਤਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੱਕ ਸਮਾਗਮ ਦੌਰਾਨ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਜਸਦੀਪ ਸਿੰਘ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਉੱਤਰਾਖੰਡ ਦੇ ਕਰਨਪ੍ਰਯਾਗ ਮਾਮਲੇ ਵਿੱਚ ਜ਼ਮਾਨਤ ‘ਤੇ ਰਿਹਾਅ ਹੋ ਕੇ ਪਰਤੇ ਚਾਰ ਨਿਹੰਗ ਸਿੰਘਾਂ ਦੇ ਸਨਮਾਨ ਸਮਾਰੋਹ ਦੌਰਾਨ ਵਾਪਰੀ।

ਜਾਣਕਾਰੀ ਅਨੁਸਾਰ, ਜਦੋਂ ਸਮਾਗਮ ਦੌਰਾਨ ਰਿਹਾਅ ਹੋਏ ਨਿਹੰਗ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ ਜਾ ਰਹੇ ਸਨ, ਤਾਂ ਸੰਗਤ ਵਿੱਚੋਂ ਇੱਕ ਨੌਜਵਾਨ ਅਚਾਨਕ ਅੱਗੇ ਆ ਗਿਆ ਅਤੇ ਬਾਬਾ ਜਸਦੀਪ ਸਿੰਘ ਨਾਲ ਧੱਕਾ-ਮੁੱਕੀ ਕਰਦੇ ਹੋਏ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮੌਕੇ ‘ਤੇ ਮੌਜੂਦ ਨਿਹੰਗਾਂ ਨੇ ਤੁਰੰਤ ਹਮਲਾਵਰ ਨੂੰ ਕਾਬੂ ਕਰ ਲਿਆ, ਜਿਸ ਕਾਰਨ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿੱਚ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ 16 ਜੂਨ ਨੂੰ ਉੱਤਰਾਖੰਡ ਦੇ ਕਰਨਪ੍ਰਯਾਗ ਵਿੱਚ ਮੋਟਰਸਾਈਕਲ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਨਾਲ ਜੁੜਿਆ ਹੋਇਆ ਹੈ। ਉਸ ਮਾਮਲੇ ਵਿੱਚ ਚਾਰ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸ਼ਨੀਵਾਰ ਨੂੰ ਗੋਪੇਸ਼ਵਰ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਮੁਹਾਲੀ ਵਾਪਸੀ ‘ਤੇ ਸਨਮਾਨਿਤ ਕੀਤਾ ਜਾ ਰਿਹਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਇਹ ਹੰਗਾਮਾ ਨਿਹੰਗਾਂ ਦੇ ਦੋ ਧੜਿਆਂ ਵਿਚਾਲੇ ਚੱਲ ਰਹੇ ਪੁਰਾਣੇ ਅੰਦਰੂਨੀ ਮਤਭੇਦਾਂ ਦਾ ਨਤੀਜਾ ਸੀ।

ਘਟਨਾ ਦੀ ਸੂਚਨਾ ਮਿਲਣ ‘ਤੇ ਸੋਹਾਣਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਾਲਾਤ ਕਾਬੂ ਵਿੱਚ ਕੀਤੇ। ਡੀਐੱਸਪੀ ਹਰਸਿਮਰਤ ਸਿੰਘ ਛੇਤਰਾ ਨੇ ਕਿਹਾ ਕਿ ਫਿਲਹਾਲ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਵੀ ਧਿਰ ਵੱਲੋਂ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਅਤੇ ਸ਼ਿਕਾਇਤ ਮਿਲਣ ‘ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *