ਝੋਨੇ ਦੇ ਸੀਜ਼ਨ ‘ਚ ਪੰਜਾਬ ‘ਤੇ ਬਿਜਲੀ ਸੰਕਟ ਦੇ ਬੱਦਲ, 6 ਥਰਮਲ ਯੂਨਿਟ ਬੰਦ

0
Tharmal plant

ਝੋਨੇ ਦੇ ਸੀਜ਼ਨ 'ਚ ਪੰਜਾਬ 'ਤੇ ਬਿਜਲੀ ਸੰਕਟ...

ਪਟਿਆਲਾ :  ਪੰਜਾਬ ਵਿੱਚ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਰਿਕਾਰਡ ਪੱਧਰ ‘ਤੇ ਪਹੁੰਚ ਰਹੀ ਹੈ, ਪਰ ਇਸੇ ਵੇਲੇ ਸੂਬੇ ਦੇ ਸਰਕਾਰੀ ਅਤੇ ਨਿੱਜੀ ਥਰਮਲ ਪਾਵਰ ਪਲਾਂਟਾਂ ਦੀਆਂ 6 ਯੂਨਿਟਾਂ ਬੰਦ ਹੋਣ ਕਾਰਨ ਬਿਜਲੀ ਉਤਪਾਦਨ ਨੂੰ ਵੱਡਾ ਝਟਕਾ ਲੱਗਾ ਹੈ। ਸ਼ੁੱਕਰਵਾਰ ਨੂੰ ਬਿਜਲੀ ਦੀ ਮੰਗ 15,800 ਮੈਗਾਵਾਟ ਤੋਂ ਪਾਰ ਦਰਜ ਕੀਤੀ ਗਈ, ਜਦਕਿ 1,810 ਮੈਗਾਵਾਟ ਉਤਪਾਦਨ ਸਮਰੱਥਾ ਬੰਦ ਰਹੀ।

ਖੇਤੀਬਾੜੀ ਮੋਟਰਾਂ ਅਤੇ ਘਰੇਲੂ ਖਪਤ ਕਾਰਨ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬੰਦ ਪਈਆਂ ਯੂਨਿਟਾਂ ਜਲਦੀ ਚਾਲੂ ਨਾ ਹੋਈਆਂ ਅਤੇ ਮੰਗ ਹੋਰ ਵਧੀ ਤਾਂ ਪੰਜਾਬ ਨੂੰ ਬਿਜਲੀ ਐਕਸਚੇਂਜ ਤੋਂ ਉੱਚੀਆਂ ਕੀਮਤਾਂ ‘ਤੇ ਬਿਜਲੀ ਖਰੀਦਣੀ ਪਵੇਗੀ, ਜਿਸ ਦਾ ਸਿੱਧਾ ਅਸਰ ਬਿਜਲੀ ਨਿਗਮ ਦੀ ਵਿੱਤੀ ਸਥਿਤੀ ‘ਤੇ ਪਵੇਗਾ।

ਸਭ ਤੋਂ ਵੱਧ ਪ੍ਰਭਾਵ ਬਠਿੰਡਾ ਦੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਵਿੱਚ ਦੇਖਿਆ ਜਾ ਰਿਹਾ ਹੈ। ਇੱਥੇ 210 ਮੈਗਾਵਾਟ ਸਮਰੱਥਾ ਵਾਲੀ ਯੂਨਿਟ ਨੰਬਰ-1 ਅਤੇ 250 ਮੈਗਾਵਾਟ ਸਮਰੱਥਾ ਵਾਲੀ ਯੂਨਿਟ ਨੰਬਰ-3 ਐਸ਼ ਹੈਂਡਲਿੰਗ ਸਿਸਟਮ ਵਿੱਚ ਖ਼ਰਾਬੀ ਕਾਰਨ ਬੰਦ ਹੋ ਗਈਆਂ ਹਨ। ਇਸ ਤੋਂ ਇਲਾਵਾ 210 ਮੈਗਾਵਾਟ ਸਮਰੱਥਾ ਵਾਲੀ ਯੂਨਿਟ ਨੰਬਰ-2 ਕਲਿੰਕਰ ਬਣਨ ਅਤੇ ਹੋਰ ਤਕਨੀਕੀ ਖਾਮੀਆਂ ਕਾਰਨ ਠੱਪ ਪਈ ਹੈ।

ਸੂਤਰਾਂ ਅਨੁਸਾਰ, ਉਤਪਾਦਨ ਘਟਣ ਕਾਰਨ ਪੰਜਾਬ ਸਰਕਾਰ ਅਤੇ ਪੀਐੱਸਪੀਸੀਐੱਲ ਨੂੰ ਖੁੱਲ੍ਹੇ ਬਾਜ਼ਾਰ ਤੋਂ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ, ਜਿਸ ਨਾਲ ਕਰੀਬ 2 ਕਰੋੜ ਰੁਪਏ ਪ੍ਰਤੀ ਦਿਨ ਦਾ ਵਾਧੂ ਵਿੱਤੀ ਬੋਝ ਪੈਣ ਦਾ ਅੰਦਾਜ਼ਾ ਹੈ। ਇਸ ਦੌਰਾਨ ਕੇਂਦਰੀ ਪੂਲ ਤੋਂ ਵੀ 10 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਲਈ ਜਾ ਰਹੀ ਹੈ ਤਾਂ ਜੋ ਸੂਬੇ ਵਿੱਚ ਸਪਲਾਈ ਨੂੰ ਬਰਕਰਾਰ ਰੱਖਿਆ ਜਾ ਸਕੇ।

Leave a Reply

Your email address will not be published. Required fields are marked *