ਪੀਓਕੇ ਦੇ ਆਗੂਆਂ ਨੇ ਭਾਰਤ ਤੋਂ ਮੰਗੀ ਮਦਦ, ਪਾਕਿਸਤਾਨ ਖ਼ਿਲਾਫ਼ ਚੱਕਾ ਜਾਮ ਦਾ ਐਲਾਨ

ਪੀਓਕੇ ਦੇ ਆਗੂਆਂ ਨੇ ਭਾਰਤ ਤੋਂ ਮੰਗੀ ਮਦਦ...
ਇਸਲਾਮਾਬਾਦ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਆਗੂਆਂ ਨੇ ਪਹਿਲੀ ਵਾਰ ਭਾਰਤ ਤੋਂ ਮਦਦ ਦੀ ਅਪੀਲ ਕੀਤੀ ਹੈ। ਪੀਓਕੇ ਵਿੱਚ ਅੱਜ ਪਾਕਿਸਤਾਨੀ ਫੌਜ ਖ਼ਿਲਾਫ਼ ਵੱਡੇ ਪੱਧਰ ‘ਤੇ ਪ੍ਰਦਰਸ਼ਨ ਅਤੇ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਰਦਾਰ ਅਮਨ ਖਾਨ ਨੇ ਸ੍ਰੀਨਗਰ, ਲੱਦਾਖ, ਪੁੰਛ, ਰਾਜੌਰੀ ਅਤੇ ਜੰਮੂ ਦੇ ਲੋਕਾਂ ਨੂੰ 5 ਜੁਲਾਈ ਨੂੰ ਪੀਓਕੇ ਦੇ ਵਸਨੀਕਾਂ ਨਾਲ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ ਹੈ।
ਅੱਜ ਪੀਓਕੇ ਦੀ ਪਾਰਟੀ ਜੁਆਇੰਟ ਅਵਾਮੀ ਐਕਸ਼ਨ ਕਮੇਟੀ (JAAC) ਵੱਲੋਂ ਪਾਕਿਸਤਾਨੀ ਪ੍ਰਸ਼ਾਸਨ ‘ਤੇ ਵੱਡੇ ਪੱਧਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਗਾਉਂਦਿਆਂ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ। ਦੂਜੇ ਪਾਸੇ, ਪਾਕਿਸਤਾਨ ਸਰਕਾਰ ਨੇ ਸਰਦਾਰ ਅਮਨ ਖਾਨ ਨੂੰ “ਅੱਤਵਾਦੀ” ਐਲਾਨ ਦਿੱਤਾ ਹੈ। ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸਰਦਾਰ ਅਮਨ ਖਾਨ ਨੇ ਭਾਰਤ ਦੇ ਲੋਕਾਂ ਨੂੰ ਪੀਓਕੇ ਦੇ ਲੋਕਾਂ ਦੇ ਸਮਰਥਨ ਵਿੱਚ ਆਉਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ ਅਤੇ ਅੰਦੋਲਨ ਨੂੰ ਕੁਚਲਣ ਲਈ ਖਾਣ-ਪੀਣ ਦੀ ਸਪਲਾਈ ਵੀ ਰੋਕ ਦਿੱਤੀ ਹੈ।
ਵੀਡੀਓ ਵਿੱਚ ਉਨ੍ਹਾਂ ਕਿਹਾ, “ਅਸੀਂ ਜ਼ੁਲਮ ਸਹੇ ਹਨ। ਸਾਡੇ ਖਾਣ-ਪੀਣ ਦੀ ਸਪਲਾਈ ਤੱਕ ਬੰਦ ਕਰ ਦਿੱਤੀ ਗਈ ਹੈ।” ਉਨ੍ਹਾਂ ਨੇ ਪੂਰੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਪੀਓਕੇ ਦੇ ਨਿਵਾਸੀਆਂ ਦੇ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਇਹ ਅਪੀਲ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਮੁਜ਼ੱਫਰਾਬਾਦ ਅਤੇ ਰਾਵਲਕੋਟ ਸਮੇਤ ਪੀਓਕੇ ਦੇ ਕਈ ਇਲਾਕਿਆਂ ਵਿੱਚ ਪਾਕਿਸਤਾਨੀ ਪ੍ਰਸ਼ਾਸਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਹਨ।
ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਮੇਜਰ ਜਨਰਲ ਏ.ਕੇ. ਸਿਵਾਚ (ਸੇਵਾਮੁਕਤ) ਨੇ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਵੱਲੋਂ ਕਾਰਵਾਈ ਸ਼ੁਰੂ ਕੀਤੇ ਜਾਣ ਤੋਂ ਬਾਅਦ ਪ੍ਰਦਰਸ਼ਨ ਹੋਰ ਤੇਜ਼ ਹੋ ਗਏ ਹਨ, ਜਿਸ ਕਾਰਨ ਕਈ ਥਾਵਾਂ ‘ਤੇ ਹਿੰਸਕ ਝੜਪਾਂ ਹੋਈਆਂ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਮਹੀਨੇ ਪਾਕਿਸਤਾਨੀ ਫੌਜ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਸੀ।
