ਪੰਜਾਬ ਦੇ ਜੀਐੱਸਟੀ ਮਾਲੀਏ ਵਿੱਚ 20 ਫੀਸਦੀ ਦਾ ਵਾਧਾ: ਚੀਮਾ

ਪੰਜਾਬ ਦੇ ਜੀਐੱਸਟੀ ਮਾਲੀਏ ਵਿੱਚ 20 ਫੀਸਦੀ...
ਚੰਡੀਗੜ੍ਹ, 1 ਅਗਸਤ: ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਨੇ ਵਿੱਤੀ ਵਰ੍ਹੇ 2026-27 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਕੁੱਲ ਜੀਐੱਸਟੀ ਮਾਲੀਏ ਵਿੱਚ 20 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਅਪ੍ਰੈਲ ਤੋਂ ਜੁਲਾਈ 2026 ਤੱਕ ਸੂਬੇ ਨੂੰ 10,447.90 ਕਰੋੜ ਰੁਪਏ ਦਾ ਜੀਐੱਸਟੀ ਮਾਲੀਆ ਪ੍ਰਾਪਤ ਹੋਇਆ, ਜੋ ਪਿਛਲੇ ਸਾਲ ਦੇ ਇਸੇ ਅਰਸੇ ਦੇ 8,708.48 ਕਰੋੜ ਰੁਪਏ ਨਾਲੋਂ 1,739.42 ਕਰੋੜ ਰੁਪਏ ਵੱਧ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਵਲ ਜੁਲਾਈ ਮਹੀਨੇ ਦੌਰਾਨ ਹੀ ਪੰਜਾਬ ਨੇ 2,614.45 ਕਰੋੜ ਰੁਪਏ ਦਾ ਕੁੱਲ ਜੀਐੱਸਟੀ ਮਾਲੀਆ ਇਕੱਠਾ ਕੀਤਾ, ਜੋ ਪਿਛਲੇ ਸਾਲ ਦੇ ਮੁਕਾਬਲੇ 8.31 ਫੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਐੱਸਜੀਐੱਸਟੀ ਕੈਸ਼ ਸੰਗ੍ਰਹਿ 815.84 ਕਰੋੜ ਰੁਪਏ ਤੋਂ ਵਧ ਕੇ 948.29 ਕਰੋੜ ਰੁਪਏ ਹੋ ਗਿਆ, ਜਿਸ ਨਾਲ 16.23 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਇਸ ਨੂੰ ਦੇਸ਼ ਵਿੱਚ ਸਭ ਤੋਂ ਉੱਚੇ ਵਾਧਿਆਂ ਵਿੱਚੋਂ ਇੱਕ ਕਰਾਰ ਦਿੱਤਾ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਇਮਾਨਦਾਰ ਕਰਦਾਤਿਆਂ ਨੂੰ ਰਾਹਤ ਦੇਣ ਲਈ ਜਾਇਜ਼ ਜੀਐੱਸਟੀ ਰਿਫੰਡ ਸਮੇਂ ਸਿਰ ਜਾਰੀ ਕਰ ਰਹੀ ਹੈ। ਜੁਲਾਈ ਦੌਰਾਨ 200 ਕਰੋੜ ਰੁਪਏ ਤੋਂ ਵੱਧ ਦੇ ਰਿਫੰਡ ਮਨਜ਼ੂਰ ਕੀਤੇ ਗਏ, ਜਿਸ ਨਾਲ ਕਾਰੋਬਾਰਾਂ ਦੀ ਲਿਕਵਿਡਿਟੀ ਵਿੱਚ ਸੁਧਾਰ ਹੋਇਆ ਹੈ।
10,447 ਕਰੋੜ ਰੁਪਏ ਦੀ ਉਗਰਾਹੀ
ਟੈਕਸ ਚੋਰੀ ਅਤੇ ਬੋਗਸ ਬਿਲਿੰਗ ਵਿਰੁੱਧ ਕਾਰਵਾਈ ਬਾਰੇ ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਸੂਬੇ ਭਰ ਵਿੱਚ ਚਲਾਈਆਂ ਮੁਹਿੰਮਾਂ ਦੌਰਾਨ 200 ਕਰੋੜ ਰੁਪਏ ਤੋਂ ਵੱਧ ਦੇ ਜ਼ੁਰਮਾਨੇ ਲਗਾਏ ਗਏ। ਜਲੰਧਰ ਵਿੱਚ 55.35 ਕਰੋੜ ਰੁਪਏ ਦੇ ਬੋਗਸ ਬਿਲਿੰਗ ਘੁਟਾਲੇ ਸਬੰਧੀ ਐਫਆਈਆਰ ਦਰਜ ਕਰਕੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਚੀਮਾ ਨੇ ਦੱਸਿਆ ਕਿ ਵਿਭਾਗ ਨੇ ਫਰਜ਼ੀ ਜੀਐੱਸਟੀ ਰਜਿਸਟ੍ਰੇਸ਼ਨਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾ ਕੇ 100 ਤੋਂ ਵੱਧ ਰਜਿਸਟ੍ਰੇਸ਼ਨਾਂ ਰੱਦ ਕੀਤੀਆਂ ਹਨ। ਇਸ ਦੇ ਨਾਲ ਹੀ ਵੈਟ ਦੇ ਪੁਰਾਣੇ ਬਕਾਏ ਦੀ ਵਸੂਲੀ ਲਈ ਡਿਫਾਲਟਰਾਂ ਦੀਆਂ ਜਾਇਦਾਦਾਂ ਕੁਰਕ ਕਰਕੇ ਮੌਜੂਦਾ ਵਿੱਤੀ ਸਾਲ ਦੌਰਾਨ 12.39 ਕਰੋੜ ਰੁਪਏ ਦੀ ਵਸੂਲੀ ਵੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਇਮਾਨਦਾਰ ਕਰਦਾਤਿਆਂ ਨੂੰ ਪੂਰਾ ਸਹਿਯੋਗ ਅਤੇ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ‘ਜ਼ੀਰੋ ਟੋਲਰੈਂਸ’ ਦੀ ਹੈ। ਸਰਕਾਰ ਤਕਨਾਲੋਜੀ-ਅਧਾਰਿਤ ਪ੍ਰਸ਼ਾਸਨ, ਖੁਫੀਆ ਜਾਣਕਾਰੀ ਅਧਾਰਿਤ ਕਾਰਵਾਈਆਂ ਅਤੇ ਡਿਜੀਟਲ ਗਵਰਨੈਂਸ ਰਾਹੀਂ ਟੈਕਸ ਪਾਲਣਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ।
