ਕੈਨੇਡਾ ਦੇ ਜਿਮ ਵਿੱਚ ਕਿਰਪਾਨ ਕਾਰਨ ਸਿੱਖ ਇਨਫਲੂਐਂਸਰ ਨੂੰ ਬਾਹਰ ਕੱਢਿਆ

ਕੈਨੇਡਾ ਦੇ ਜਿਮ ਵਿੱਚ ਕਿਰਪਾਨ ਕਾਰਨ...
ਵਿਨੀਪੈੱਗ/ਵਿੰਡਸਰ (ਕੈਨੇਡਾ) : ਕੈਨੇਡਾ ਦੇ ਓਂਟਾਰੀਓ ਸੂਬੇ ਦੇ ਵਿੰਡਸਰ ਸ਼ਹਿਰ ਵਿੱਚ ਉੱਘੇ ਸਿੱਖ ਟਿਕਟੌਕ ਇਨਫਲੂਐਂਸਰ ਗੁਰਪ੍ਰਤਾਪ ਸਿੰਘ ਖ਼ਾਲਸਾ ਨੂੰ ਕਿਰਪਾਨ ਪਹਿਨਣ ਕਾਰਨ ਇੱਕ ਜਿਮ ਤੋਂ ਬਾਹਰ ਜਾਣ ਲਈ ਕਹੇ ਜਾਣ ਦੀ ਘਟਨਾ ਨੇ ਧਾਰਮਿਕ ਆਜ਼ਾਦੀ ਅਤੇ ਨਸਲੀ ਵਿਤਕਰੇ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਪ੍ਰਤਾਪ ਸਿੰਘ ਖ਼ਾਲਸਾ ਵਿੰਡਸਰ ਸਥਿਤ ਗੁੱਡ ਲਾਈਫ਼ ਫਿਟਨੈੱਸ ਜਿਮ ਵਿੱਚ ਕਸਰਤ ਕਰ ਰਹੇ ਸਨ।
ਇਸ ਦੌਰਾਨ ਜਿਮ ਦੇ ਇੱਕ ਕਰਮਚਾਰੀ ਨੇ ਉਨ੍ਹਾਂ ਕੋਲ ਆ ਕੇ ਦੱਸਿਆ ਕਿ ਕਿਸੇ ਮੈਂਬਰ ਨੇ ਉਨ੍ਹਾਂ ਵੱਲੋਂ ਪਹਿਨੀ ਕਿਰਪਾਨ ‘ਤੇ ਇਤਰਾਜ਼ ਜਤਾਇਆ ਹੈ। ਇਸ ਤੋਂ ਬਾਅਦ ਜਿਮ ਸਟਾਫ਼ ਨੇ ਕਿਰਪਾਨ ਨੂੰ ਸੁਰੱਖਿਆ ਲਈ ਖ਼ਤਰਾ ਜਾਂ “ਹਥਿਆਰ” ਦੱਸਦਿਆਂ ਉਨ੍ਹਾਂ ਨੂੰ ਜਿਮ ਦੀ ਇਮਾਰਤ ਛੱਡਣ ਲਈ ਕਿਹਾ। ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਜਿਮ ਦੀ ਇੱਕ ਕਰਮਚਾਰੀ ਇਹ ਕਹਿੰਦੀ ਸੁਣਾਈ ਦਿੰਦੀ ਹੈ ਕਿ ਇਹ ਕਾਰਵਾਈ ਕਿਸੇ ਹੋਰ ਮੈਂਬਰ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ।
ਗੁਰਪ੍ਰਤਾਪ ਸਿੰਘ ਖ਼ਾਲਸਾ ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਰਪਾਨ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਪਵਿੱਤਰ ਧਾਰਮਿਕ ਚਿੰਨ੍ਹ ਹੈ ਅਤੇ ਕੈਨੇਡਾ ਦੇ ਕਾਨੂੰਨ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਿਰਫ਼ ਸਿੱਖ ਹੋਣ ਕਰਕੇ ਨਿਸ਼ਾਨਾ ਬਣਾਇਆ ਗਿਆ, ਜੋ ਧਾਰਮਿਕ ਅਤੇ ਨਸਲੀ ਵਿਤਕਰੇ ਦਾ ਮਾਮਲਾ ਹੈ।
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਰਾਇ ਵੰਡੀ ਹੋਈ ਨਜ਼ਰ ਆ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਜਿਮ ਪ੍ਰਬੰਧਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਲਈ ਕਿਰਪਾਨ ਸਰੀਰ ਦਾ ਅਟੁੱਟ ਹਿੱਸਾ ਹੈ ਅਤੇ ਇਸ ਨੂੰ ਹਥਿਆਰ ਕਰਾਰ ਦੇਣਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਮ ਵਰਗੀਆਂ ਜਨਤਕ ਥਾਵਾਂ ‘ਤੇ ਸੁਰੱਖਿਆ ਨਿਯਮਾਂ ਅਨੁਸਾਰ ਧਾਰਦਾਰ ਚੀਜ਼ਾਂ ‘ਤੇ ਪਾਬੰਦੀ ਹੋ ਸਕਦੀ ਹੈ ਅਤੇ ਜਿਮ ਪ੍ਰਬੰਧਨ ਨੇ ਆਪਣੀ ਅੰਦਰੂਨੀ ਨੀਤੀ ਦੇ ਤਹਿਤ ਕਾਰਵਾਈ ਕੀਤੀ ਹੈ।
