ਪ੍ਰਧਾਨ ਮੰਤਰੀ ਨੂੰ ਗਾਲ੍ਹਾਂ ਕੱਢਣ ਵਾਲੀ ਲੜਕੀ ਨੇ ਹੱਥ ਜੋੜ ਕੇ ਮੰਗੀ ਮਾਫ਼ੀ

ਪ੍ਰਧਾਨ ਮੰਤਰੀ ਨੂੰ ਗਾਲ੍ਹਾਂ ਕੱਢਣ ਵਾਲੀ ਲੜਕੀ...
ਨਵੀਂ ਦਿੱਲੀ : ਜੰਤਰ-ਮੰਤਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਮਾਨਜਨਕ ਨਾਅਰੇ ਲਗਾਉਣ ਦੇ ਮਾਮਲੇ ਵਿੱਚ 15 ਸਾਲਾ ਲੜਕੀ ਨੇ ਜਨਤਕ ਤੌਰ ’ਤੇ ਮਾਫ਼ੀ ਮੰਗ ਲਈ ਹੈ। ਸੋਸ਼ਲ ਮੀਡੀਆ ’ਤੇ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਉਸ ਨੇ ਹੱਥ ਜੋੜ ਕੇ ਕਿਹਾ, ‘ਮੈਂ ਸਿਰਫ਼ 15 ਸਾਲ ਦੀ ਹਾਂ। ਇਹ ਮੇਰੀ ਪਹਿਲੀ ਅਤੇ ਆਖ਼ਰੀ ਗਲਤੀ ਸੀ। ਮੈਂ ਭੀੜ ਅਤੇ ਮਾਹੌਲ ਦੇ ਬਹਿਕਾਵੇ ਵਿੱਚ ਆ ਗਈ ਸੀ।’
ਲੜਕੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਕਨਾਟ ਪਲੇਸ ਘੁੰਮਣ ਗਈ ਸੀ। ਉੱਥੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ ਸੀ ਅਤੇ ਕੁਝ ਲੋਕ ਪ੍ਰਧਾਨ ਮੰਤਰੀ ਖ਼ਿਲਾਫ਼ ਇਤਰਾਜ਼ਯੋਗ ਨਾਅਰੇ ਲਗਾ ਰਹੇ ਸਨ। ਉਸ ਨੇ ਕਿਹਾ ਕਿ ਉਹ ਵੀ ਉਸੇ ਮਾਹੌਲ ਦੇ ਪ੍ਰਭਾਵ ਹੇਠ ਆ ਗਈ ਅਤੇ ਗਲਤੀ ਕਰ ਬੈਠੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਸਟਾਗ੍ਰਾਮ ’ਤੇ ਇੱਕ ਰੀਲ ਸਾਂਝੀ ਕਰਦਿਆਂ ਕਿਹਾ ਸੀ ਕਿ, ‘ਮੈਨੂੰ ਅਤੇ ਮੇਰੀ ਮਾਂ ਨੂੰ ਭੱਦੀਆਂ ਗਾਲ੍ਹਾਂ ਦੇਣ ਵਾਲੇ ਬੱਚਿਆਂ ਨੂੰ ਮੈਂ ਮਾਫ਼ ਕਰਨਾ ਚਾਹੁੰਦਾ ਹਾਂ।’
ਇਸ ਦੌਰਾਨ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸਵਾਲ ਕੀਤਾ ਕਿ ਜੇਕਰ ਲੜਕੀ ਨੇ ਮਾਫ਼ੀ ਮੰਗ ਲਈ ਹੈ ਤਾਂ ਕੀ ਸਰਕਾਰ ਉਸ ਖ਼ਿਲਾਫ਼ ਦਰਜ ਮਾਮਲਾ ਵੀ ਵਾਪਸ ਲਵੇਗੀ। ਜ਼ਿਕਰਯੋਗ ਹੈ ਕਿ 30 ਜੁਲਾਈ ਨੂੰ ਨੋਇਡਾ ਵਿੱਚ ਲੜਕੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
