ਕਮਰਸ਼ਿਅਲ ਐਲ.ਪੀ.ਜੀ. ਸਿਲੰਡਰ 202 ਰੁਪਏ ਹੋਇਆ ਸਸਤਾ

ਕਮਰਸ਼ਿਅਲ ਐਲ.ਪੀ.ਜੀ. ਸਿਲੰਡਰ...
ਨਵੀਂ ਦਿੱਲੀ : ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਦੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਹੈ। ਸ਼ਨੀਵਾਰ ਤੋਂ ਲਾਗੂ ਨਵੀਆਂ ਦਰਾਂ ਅਨੁਸਾਰ ਦਿੱਲੀ ਵਿੱਚ ਵਪਾਰਕ ਸਿਲੰਡਰ 202 ਰੁਪਏ ਅਤੇ ਕੋਲਕਾਤਾ ਵਿੱਚ 209 ਰੁਪਏ ਸਸਤਾ ਹੋ ਗਿਆ ਹੈ। ਕੋਲਕਾਤਾ ਵਿੱਚ ਹੁਣ 19 ਕਿਲੋਗ੍ਰਾਮ ਦਾ ਵਪਾਰਕ ਸਿਲੰਡਰ 2,872.50 ਰੁਪਏ ਵਿੱਚ ਮਿਲੇਗਾ। ਹਾਲਾਂਕਿ 14.2 ਕਿਲੋਗ੍ਰਾਮ ਦੇ ਘਰੇਲੂ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਤੇਲ ਕੰਪਨੀਆਂ ਨੇ 5 ਕਿਲੋਗ੍ਰਾਮ ਦੇ ਫ੍ਰੀ ਟ੍ਰੇਡ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੀ 13 ਰੁਪਏ ਦੀ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਦਿੱਲੀ ਵਿੱਚ ਇਸ ਦੀ ਨਵੀਂ ਕੀਮਤ 808.50 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ 19 ਕਿਲੋਗ੍ਰਾਮ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 183.50 ਰੁਪਏ ਦੀ ਕਟੌਤੀ ਕੀਤੀ ਗਈ ਸੀ। ਜਦਕਿ ਜੂਨ ਮਹੀਨੇ ਵਿੱਚ ਘਰੇਲੂ ਐਲ.ਪੀ.ਜੀ. ਸਿਲੰਡਰ ਦੀ ਕੀਮਤ 29 ਰੁਪਏ ਵਧਾ ਕੇ ਦਿੱਲੀ ਵਿੱਚ 913 ਰੁਪਏ ਤੋਂ 942 ਰੁਪਏ ਕਰ ਦਿੱਤੀ ਗਈ ਸੀ।
ਤੇਲ ਕੰਪਨੀਆਂ ਵੱਲੋਂ ਕੀਤੀ ਗਈ ਇਹ ਕਟੌਤੀ ਹੋਟਲਾਂ, ਰੈਸਟੋਰੈਂਟਾਂ, ਕੇਟਰਿੰਗ ਸੇਵਾਵਾਂ ਅਤੇ ਹੋਰ ਛੋਟੇ ਕਾਰੋਬਾਰਾਂ ਲਈ ਰਾਹਤ ਮੰਨੀ ਜਾ ਰਹੀ ਹੈ, ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਵਪਾਰਕ ਐਲ.ਪੀ.ਜੀ. ਸਿਲੰਡਰਾਂ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ ਅਤੇ ਇਸ ਨਾਲ ਉਨ੍ਹਾਂ ਦੇ ਸੰਚਾਲਨ ਖਰਚੇ ਘਟਣ ਦੀ ਉਮੀਦ ਹੈ।
