ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਅਤਿਵਾਦੀ ਹਮਲਾ, ਦੋ ਲੋਕਾਂ ਨੂੰ ਨਾਂ ਪੁੱਛ ਕੇ ਮਾਰੀ ਗੋਲੀ

ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਅਤਿਵਾਦੀ...
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਇੱਕ ਇੱਟਾਂ ਦੇ ਭੱਠੇ ’ਤੇ ਹੋਏ ਅਤਿਵਾਦੀ ਹਮਲੇ ਵਿੱਚ ਛੱਤੀਸਗੜ੍ਹ ਦੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਦੇਰ ਸ਼ੁੱਕਰਵਾਰ ਸ਼ਾਮ ਕੇਲਾਮ ਇਲਾਕੇ ਵਿੱਚ ਸਥਿਤ ਭੱਠੇ ’ਤੇ ਹਮਲਾਵਰਾਂ ਨੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ਵਿੱਚ ਦੋਵੇਂ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ।
ਦੀਪਕ ਰਤਰਾ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ, ਜਦਕਿ ਬੋਪਿੰਦਰ ਨੂੰ ਪਹਿਲਾਂ ਜੀ.ਐੱਮ.ਸੀ. ਅਨੰਤਨਾਗ ਅਤੇ ਬਾਅਦ ਵਿੱਚ ਸੌਰਾ ਸਥਿਤ ਐੱਸ.ਕੇ.ਆਈ.ਐੱਮ.ਐੱਸ. ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਦੋਵੇਂ ਮਜ਼ਦੂਰ ਵੀਹਵਿਆਂ ਦੀ ਉਮਰ ਦੇ ਸਨ ਅਤੇ ਛੱਤੀਸਗੜ੍ਹ ਦੇ ਰਹਿਣ ਵਾਲੇ ਸਨ।
ਇਹ ਹਮਲਾ 10 ਦਿਨਾਂ ਤੋਂ ਵੀ ਘੱਟ ਸਮੇਂ ਪਹਿਲਾਂ ਅਨੰਤਨਾਗ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਅਤਿਵਾਦੀਆਂ ਵੱਲੋਂ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਵਾਪਰਿਆ ਹੈ, ਜਿਸ ਨਾਲ ਘਾਟੀ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹੋਰ ਵੱਧ ਗਈਆਂ ਹਨ। ਇਸ ਤੋਂ ਪਹਿਲਾਂ ਵੀ ਫਰਵਰੀ 2024 ਵਿੱਚ ਸ੍ਰੀਨਗਰ ਦੇ ਸ਼ਹੀਦ ਗੰਜ ਇਲਾਕੇ ਵਿੱਚ ਅਤਿਵਾਦੀਆਂ ਨੇ ਪੰਜਾਬ ਦੇ ਦੋ ਗੈਰ-ਸਥਾਨਕ ਕਾਮਿਆਂ ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
