ਈਰਾਨ ’ਤੇ ਹਮਲੇ ਰੋਕਣ ਵਾਲਾ ਪ੍ਰਸਤਾਵ ਅਮਰੀਕੀ ਸੀਨੇਟ ’ਚ ਰੱਦ

ਈਰਾਨ ’ਤੇ ਹਮਲੇ ਰੋਕਣ ਵਾਲਾ ਪ੍ਰਸਤਾਵ...
ਵਾਸ਼ਿੰਗਟਨ : ਅਮਰੀਕੀ ਸੀਨੇਟ ਵਿੱਚ ਈਰਾਨ ਖ਼ਿਲਾਫ਼ ਫੌਜੀ ਕਾਰਵਾਈ ’ਤੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਸੀਮਿਤ ਕਰਨ ਵਾਲਾ ਪ੍ਰਸਤਾਵ ਅੱਗੇ ਨਹੀਂ ਵੱਧ ਸਕਿਆ। ਵੀਰਵਾਰ ਨੂੰ ਹੋਈ ਵੋਟਿੰਗ ਵਿੱਚ ਇਹ ਪ੍ਰਸਤਾਵ 49-50 ਵੋਟਾਂ ਨਾਲ ਖਾਰਜ ਹੋ ਗਿਆ। ਪੈਨਸਿਲਵੇਨੀਆ ਤੋਂ ਰਿਪਬਲਿਕਨ ਸੀਨੇਟਰ ਡੇਵ ਮੈਕਕਾਰਮਿਕ ਵੋਟਿੰਗ ਵਿੱਚ ਸ਼ਾਮਲ ਨਹੀਂ ਹੋਏ।
ਇਹ ਪ੍ਰਸਤਾਵ ਹਾਲੇ ਵੀ ਸੀਨੇਟ ਦੀ ਵਿਦੇਸ਼ ਮਾਮਲਿਆਂ ਨਾਲ ਸੰਬੰਧਿਤ ਕਮੇਟੀ ਵਿੱਚ ਅਟਕਿਆ ਹੋਇਆ ਹੈ। ਜੇ ਇਹ ਪਾਸ ਹੋ ਜਾਂਦਾ ਤਾਂ ਈਰਾਨ ਖ਼ਿਲਾਫ਼ ਕਿਸੇ ਵੀ ਫੌਜੀ ਕਾਰਵਾਈ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਲਈ ਸੰਸਦ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋ ਜਾਂਦੀ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹਾਲ ਹੀ ਵਿੱਚ ਈਰਾਨ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰ ਲਗਾਤਾਰ ਮੰਗ ਕਰ ਰਹੇ ਹਨ ਕਿ ਅਜਿਹੇ ਫ਼ੈਸਲੇ ਸੰਸਦ ਦੀ ਮਨਜ਼ੂਰੀ ਨਾਲ ਹੀ ਕੀਤੇ ਜਾਣ।
ਈਰਾਨ-ਅਮਰੀਕਾ ਟਕਰਾਅ ਦੀਆਂ 5 ਵੱਡੀਆਂ ਘਟਨਾਵਾਂ
ਪਹਿਲੀ ਵਾਰ ਮਿਸਰ ਨਿਸ਼ਾਨੇ ’ਤੇ – ਮਿਸਰ ਦੇ ਇੱਕ ਬੰਦਰਗਾਹ ’ਤੇ ਡਰੋਨ ਹਮਲੇ ਵਿੱਚ ਦੋ ਜਹਾਜ਼ਾਂ ਨੂੰ ਅੱਗ ਲੱਗ ਗਈ। ਇਸ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਅਮਰੀਕਾ ਦੇ 10 ਈਰਾਨੀ ਸ਼ਹਿਰਾਂ ’ਤੇ ਹਵਾਈ ਹਮਲੇ – ਅਮਰੀਕੀ ਫੌਜ ਨੇ ਬੰਦਰ ਅੱਬਾਸ, ਕਿਸ਼ ਅਤੇ ਕ਼ੇਸ਼ਮ ਟਾਪੂ ਸਮੇਤ ਕਈ ਥਾਵਾਂ ’ਤੇ ਵੱਡੇ ਹਵਾਈ ਹਮਲੇ ਕੀਤੇ।
ਈਰਾਨ ਦਾ ਜਵਾਬੀ ਹਮਲਾ – ਈਰਾਨ ਦੀ ਰਿਵੋਲਿਊਸ਼ਨਰੀ ਫੋਰਸ ਨੇ ਦਾਅਵਾ ਕੀਤਾ ਕਿ ਉਸ ਨੇ ਕੂਵੈਤ ਅਤੇ ਜਾਰਡਨ ਵਿੱਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਕੂਵੈਤ ਵਿੱਚ ਚੀਨੀ ਕੰਪਨੀ ਦੀ ਇਮਾਰਤ ’ਤੇ ਹਮਲਾ – ਉੱਤਰੀ ਕੂਵੈਤ ਵਿੱਚ ਇੱਕ ਚੀਨੀ ਕੰਪਨੀ ਦੀ ਇਮਾਰਤ ’ਤੇ ਹਮਲੇ ਦੌਰਾਨ ਇੱਕ ਕਰਮਚਾਰੀ ਦੀ ਮੌਤ ਹੋ ਗਈ।
ਰੈੱਡ ਸੀ ਦੀ ਸੁਰੱਖਿਆ ਲਈ ਸਾਊਦੀ ਦੀ ਪਹਿਲ – ਲਾਲ ਸਾਗਰ ਵਿੱਚ ਜਹਾਜ਼ਾਂ ਦੀ ਸੁਰੱਖਿਆ ਲਈ ਸਾਊਦੀ ਅਰਬ ਇੱਕ ਅੰਤਰਰਾਸ਼ਟਰੀ ਗਠਜੋੜ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਹੁਣ ਤੱਕ 14 ਦੇਸ਼ ਇਸ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ।
