ਕਾੱਮਨਵੈਲਥ ਖੇਡਾਂ ’ਚ ਪੰਜਾਬ ਦੇ ਲਵਪ੍ਰੀਤ ਨੇ ਜਿੱਤਿਆ ਚਾਂਦੀ ਦਾ ਮੈਡਲ, ਭਾਰਤ ਦੀ ਝੋਲੀ ਪਏ 17 ਮੈਡਲ

ਕਾੱਮਨਵੈਲਥ ਖੇਡਾਂ ’ਚ ਪੰਜਾਬ ਦੇ ਲਵਪ੍ਰੀਤ ...
ਨਵੀਂ ਦਿੱਲੀ : ਕਾਮਨਵੈਲਥ ਖੇਡਾਂ ਦੇ ਅੱਠਵੇਂ ਦਿਨ ਭਾਰਤ ਦੇ ਖਾਤੇ ਵਿੱਚ ਦੋ ਹੋਰ ਤਗਮੇ ਸ਼ਾਮਲ ਹੋਏ। ਪੰਜਾਬ ਦੇ ਅੰਮ੍ਰਿਤਸਰ ਨੇੜਲੇ ਪਿੰਡ ਬੱਲ ਸਚੰਦਰ ਦੇ ਵੈਟਲਿਫਟਰ ਲਵਪ੍ਰੀਤ ਸਿੰਘ ਨੇ ਪੁਰਸ਼ਾਂ ਦੇ 110 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਇਸਦੇ ਨਾਲ ਹੀ ਮਹਿਲਾ ਡਿਸਕਸ ਥਰੋ ਵਿੱਚ ਸੀਮਾ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
ਲਵਪ੍ਰੀਤ ਨੇ ਕੁੱਲ 388 ਕਿਲੋਗ੍ਰਾਮ ਭਾਰ ਚੁੱਕਿਆ, ਜਿਸ ਵਿੱਚ ਸਨੈਚ ਵਿੱਚ 176 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 212 ਕਿਲੋਗ੍ਰਾਮ ਸ਼ਾਮਲ ਹਨ। ਉਨ੍ਹਾਂ ਨੇ ਸਨੈਚ ਵਿੱਚ ਕਾਮਨਵੈਲਥ ਖੇਡਾਂ ਦਾ ਨਵਾਂ ਰਿਕਾਰਡ ਵੀ ਬਣਾਇਆ। ਹਾਲਾਂਕਿ ਉਹ ਨਿਊਜ਼ੀਲੈਂਡ ਦੇ ਡੇਵਿਡ ਐਂਡਰਿਊਜ਼ ਤੋਂ ਸਿਰਫ਼ 1 ਕਿਲੋਗ੍ਰਾਮ ਪਿੱਛੇ ਰਹਿ ਗਏ। ਐਂਡਰਿਊਜ਼ ਨੇ ਕੁੱਲ 389 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ, ਜਦਕਿ ਇੰਗਲੈਂਡ ਦੇ ਐਂਡਰਿਊ ਗ੍ਰਿਫਿਥ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਪਿਤਾ ਦਰਜੀ, ਦਾਦੇ ਨੇ ਵੇਚੀਆਂ ਸਬਜ਼ੀਆਂ
ਲਵਪ੍ਰੀਤ ਦਾ ਜਨਮ 6 ਸਤੰਬਰ 1997 ਨੂੰ ਅੰਮ੍ਰਿਤਸਰ ਨੇੜਲੇ ਪਿੰਡ ਬੱਲ ਸਚੰਦਰ ਵਿੱਚ ਹੋਇਆ। ਆਰਥਿਕ ਤੌਰ ’ਤੇ ਸਧਾਰਨ ਪਰਿਵਾਰ ਨਾਲ ਸੰਬੰਧਤ ਲਵਪ੍ਰੀਤ ਨੇ ਬਚਪਨ ਵਿੱਚ ਖੇਤਾਂ ਵਿੱਚ ਕੰਮ ਕੀਤਾ, ਦਾਦਾ ਨਾਲ ਸਬਜ਼ੀਆਂ ਵੇਚੀਆਂ ਅਤੇ ਘਰ ਦੀ ਘੋੜੀ ਦੀ ਦੇਖਭਾਲ ਵੀ ਕੀਤੀ। ਉਨ੍ਹਾਂ ਦੇ ਪਿਤਾ ਦਰਜ਼ੀ ਸਨ, ਪਰ ਉਨ੍ਹਾਂ ਨੇ ਪੁੱਤਰ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। 13 ਸਾਲ ਦੀ ਉਮਰ ਵਿੱਚ ਵੈਟਲਿਫਟਿੰਗ ਨਾਲ ਜੁੜੇ ਲਵਪ੍ਰੀਤ ਨੂੰ 2017 ਵਿੱਚ ਪਟਿਆਲਾ ਸਥਿਤ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਰਾਸ਼ਟਰੀ ਟ੍ਰੇਨਿੰਗ ਕੈਂਪ ਵਿੱਚ ਜਗ੍ਹਾ ਮਿਲੀ, ਜਿੱਥੋਂ ਉਨ੍ਹਾਂ ਦਾ ਅੰਤਰਰਾਸ਼ਟਰੀ ਸਫ਼ਰ ਸ਼ੁਰੂ ਹੋਇਆ।
ਸੀਮਾਂ ਦੀ ਮਾਂ ਬਣਨ ਉਪਰੰਤ ਸ਼ਾਨਦਾਰ ਵਾਪਸੀ
ਉੱਧਰ, 27 ਸਾਲਾ ਸੀਮਾ ਨੇ ਮਾਂ ਬਣਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਮਹਿਲਾ ਡਿਸਕਸ ਥਰੋ ਵਿੱਚ ਆਪਣੇ ਤੀਜੇ ਯਤਨ ਵਿੱਚ 58.65 ਮੀਟਰ ਦੀ ਥਰੋ ਨਾਲ ਕਾਂਸੀ ਦਾ ਤਗਮਾ ਜਿੱਤਿਆ। ਜਮਾਇਕਾ ਦੀ ਸਮੰਥਾ ਹਾਲ ਨੇ ਸੋਨ ਅਤੇ ਕੈਨੇਡਾ ਦੀ ਜੂਲੀਆ ਟੰਕਸ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਭਾਰਤ ਦੀ ਇੱਕ ਹੋਰ ਖਿਡਾਰਨ ਨਿਧੀ ਰਾਣੀ 53.19 ਮੀਟਰ ਦੀ ਥਰੋ ਨਾਲ ਚੌਥੇ ਸਥਾਨ ’ਤੇ ਰਹੀ। ਇਨ੍ਹਾਂ ਦੋ ਤਗਮਿਆਂ ਨਾਲ ਕਾਮਨਵੈਲਥ ਖੇਡਾਂ ਵਿੱਚ ਭਾਰਤ ਦੇ ਕੁੱਲ 17 ਤਗਮੇ ਹੋ ਗਏ ਹਨ, ਜਿਨ੍ਹਾਂ ਵਿੱਚ 3 ਸੋਨ, 10 ਚਾਂਦੀ ਅਤੇ 4 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਇਸ ਵੇਲੇ ਤਗਮਾ ਸੂਚੀ ਵਿੱਚ 10ਵੇਂ ਸਥਾਨ ’ਤੇ ਹੈ।
