ਕੇਂਦਰ ਸਰਕਾਰ ਨੇ ਟੈਲੀਗ੍ਰਾਮ ਐਪ ’ਤੇ ਅਸਥਾਈ ਪਾਬੰਦੀ ਲਾਈ

ਕੇਂਦਰ ਸਰਕਾਰ ਨੇ ਟੈਲੀਗ੍ਰਾਮ ਐਪ ’ਤੇ ...
ਨਵੀਂ ਦਿੱਲੀ, 16 ਜੂਨ : ਦੇਸ਼ ਦੀ ਸਭ ਤੋਂ ਚਰਚਿਤ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ ਯੂਜੀ 2026 ਦੀ ਦੁਬਾਰਾ ਹੋਣ ਜਾ ਰਹੀ ਪ੍ਰੀਖਿਆ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਇੱਕ ਸਖ਼ਤ ਅਤੇ ਅਹਿਮ ਕਦਮ ਚੁੱਕਿਆ ਹੈ। ਪੇਪਰ ਲੀਕ ਕਰਨ ਵਾਲੇ ਗਿਰੋਹਾਂ ਅਤੇ ਸਾਈਬਰ ਠੱਗਾਂ ਵੱਲੋਂ ਮੈਸੇਜਿੰਗ ਐਪ ਟੈਲੀਗ੍ਰਾਮ ਦੀ ਕਥਿਤ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਨੇ ਭਾਰਤ ਵਿੱਚ ਇਸ ਐਪ ਦੀ ਵਰਤੋਂ ’ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ।
ਪੇਪਰ ਲੀਕ ਕਰਨ ਵਾਲਿਆਂ ’ਤੇ ਲੱਗੇਗੀ ਲਗਾਮ
ਨੈਸ਼ਨਲ ਟੈਸਟਿੰਗ ਏਜੰਸੀ ਮੁਤਾਬਕ, ਕੁਝ ਧੋਖਾਧੜੀ ਕਰਨ ਵਾਲੇ ਗਿਰੋਹ ਟੈਲੀਗ੍ਰਾਮ ਰਾਹੀਂ ਨੀਟ ਦੇ ਫ਼ਰਜ਼ੀ ਪ੍ਰਸ਼ਨ ਪੱਤਰ ਵੇਚ ਰਹੇ ਸਨ ਅਤੇ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਰਹੇ ਸਨ। ਇਸ ਕਾਰਨ ਪ੍ਰੀਖਿਆ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69-ਏ ਤਹਿਤ ਭਾਰਤ ਵਿੱਚ ਟੈਲੀਗ੍ਰਾਮ ਦੀ ਵਰਤੋਂ ’ਤੇ 22 ਜੂਨ 2026 ਤੱਕ ਅਸਥਾਈ ਰੋਕ ਲਗਾਈ ਗਈ ਹੈ, ਤਾਂ ਜੋ 21 ਜੂਨ ਨੂੰ ਹੋਣ ਵਾਲੀ ਨੀਟ ਯੂਜੀ ਰੀ-ਐਗਜ਼ਾਮ ਨੂੰ ਸੁਰੱਖਿਅਤ ਢੰਗ ਨਾਲ ਕਰਵਾਇਆ ਜਾ ਸਕੇ।
ਇਸ ਦੇ ਨਾਲ ਹੀ ਟੈਲੀਗ੍ਰਾਮ ਨੂੰ ਇਹ ਨਿਰਦੇਸ਼ ਵੀ ਦਿੱਤੇ ਗਏ ਹਨ ਕਿ ਉਹ 30 ਜੂਨ ਤੱਕ ਭਾਰਤ ਵਿੱਚ ਪਹਿਲਾਂ ਭੇਜੇ ਜਾਂ ਪੋਸਟ ਕੀਤੇ ਗਏ ਸੰਦੇਸ਼ਾਂ ਨੂੰ ਸੰਪਾਦਿਤ ਕਰਨ ਦੀ ਸਹੂਲਤ ਨੂੰ ਬੰਦ ਕਰੇ। ਸਰਕਾਰ ਦਾ ਮੰਨਣਾ ਹੈ ਕਿ ਇਸ ਫੀਚਰ ਦੀ ਮਦਦ ਨਾਲ ਠੱਗ ਪੁਰਾਣੇ ਸੰਦੇਸ਼ਾਂ ਨੂੰ ਬਦਲ ਕੇ ਫ਼ਰਜ਼ੀ ਪੇਪਰ ਲੀਕ ਦੀ ਭਰੋਸੇਯੋਗਤਾ ਬਣਾਉਣ ਦੀ ਕੋਸ਼ਿਸ਼ ਕਰਦੇ ਸਨ।
ਪਹਿਲਾਂ ਵੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਸੀ
ਐਨਟੀਏ ਨੇ ਦੱਸਿਆ ਕਿ ਕਈ ਟੈਲੀਗ੍ਰਾਮ ਗਰੁੱਪਾਂ ਅਤੇ ਚੈਨਲਾਂ ਨੂੰ ਹਟਾਉਣ ਦੇ ਬਾਵਜੂਦ ਧੋਖਾਧੜੀ ਦੀਆਂ ਗਤੀਵਿਧੀਆਂ ਜਾਰੀ ਰਹੀਆਂ, ਜਿਸ ਕਾਰਨ ਇਹ ਸਖ਼ਤ ਕਦਮ ਚੁੱਕਣਾ ਲਾਜ਼ਮੀ ਹੋ ਗਿਆ। ਇਸ ਤੋਂ ਪਹਿਲਾਂ ਵੀ ਏਜੰਸੀ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਟੈਲੀਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪੇਪਰ ਲੀਕ ਦੇ ਦਾਅਵੇ ਝੂਠੇ ਅਤੇ ਗੁੰਮਰਾਹਕੁੰਨ ਹਨ। ਕੇਂਦਰ ਸਰਕਾਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਫ਼ਰਜ਼ੀ ਪੇਪਰ, ਲੀਕ ਜਾਂ ਪੈਸਿਆਂ ਦੇ ਬਦਲੇ ਪ੍ਰਸ਼ਨ ਪੱਤਰ ਮੁਹੱਈਆ ਕਰਵਾਉਣ ਦੇ ਦਾਵਿਆਂ ’ਤੇ ਵਿਸ਼ਵਾਸ ਨਾ ਕਰਨ ਅਤੇ ਸਿਰਫ਼ ਅਧਿਕਾਰਤ ਸੂਚਨਾਵਾਂ ’ਤੇ ਹੀ ਭਰੋਸਾ ਕਰਨ।
