ਲੋਕ ਸਭਾ ਦੇ 20 ਸੰਸਦ ਮੈਂਬਰ ਛੱਡਣਗੇ TMC

0

NDA ‘ਚ ਸ਼ਾਮਲ ਹੋਣ ਲਈ ਸਪੀਕਰ ਨੂੰ ਲਿਖਣਗੇ ਪੱਤਰ: ਕਾਕੋਲੀ ਘੋਸ਼

ਨਵੀਂ ਦਿੱਲੀ, 8 ਜੂਨ (ਨਿਊਜ਼ ਟਾਊਨ ਨੈਟਵਰਕ) : ਮਮਤਾ ਬਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਲੋਕ ਸਭਾ ਵਿੱਚ ਪਾਰਟੀ ਦੇ 20 ਮੈਂਬਰਾਂ ਨੇ ਟੀ ਐੱਮ ਸੀ ਛੱਡਣ ਅਤੇ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਸੰਸਦੀ ਦਲ ਵਿੱਚ ਰਸਮੀ ਤੌਰ ‘ਤੇ ਸ਼ਾਮਲ ਹੋਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ‘ਦਿ ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਲੋਕ ਸਭਾ ਵਿੱਚ ਟੀ ਐੱਮ ਸੀ ਦੀ ਚੀਫ਼ ਵ੍ਹਿਪ ਕਾਕੋਲੀ ਘੋਸ਼ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ। ਕਾਕੋਲੀ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ, “ਮੇਰੇ ਸਮੇਤ ਲਗਪਗ 20 ਟੀ ਐੱਮ ਸੀ ਸੰਸਦ ਮੈਂਬਰਾਂ ਨੇ ਸਪੀਕਰ ਨੂੰ ਪੱਤਰ ਲਿਖਣ ਅਤੇ ਰਸਮੀ ਤੌਰ ‘ਤੇ ਐੱਨ ਡੀ ਏ ਦਾ ਹਿੱਸਾ ਬਣਨ ਦੀ ਸਾਡੀ ਇੱਛਾ ਬਾਰੇ ਦੱਸਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਾਥੀ ਸੰਸਦ ਮੈਂਬਰਾਂ ਨਾਲ ਲੰਮੀ ਚਰਚਾ ਤੋਂ ਬਾਅਦ ਲਿਆ ਗਿਆ ਹੈ। ਫਿਲਹਾਲ, ਮੈਂ ਲੋਕ ਸਭਾ ਵਿੱਚ ਟੀ ਐੱਮ ਸੀ ਦੀ ਚੀਫ਼ ਵ੍ਹਿਪ ਬਣੀ ਹੋਈ ਹਾਂ ਅਤੇ ਉਸ ਹੈਸੀਅਤ ਵਿੱਚ ਮੈਂ ਇਸ ਫੈਸਲੇ ‘ਤੇ ਪਹੁੰਚਣ ਤੋਂ ਪਹਿਲਾਂ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕੀਤਾ ਹੈ।” ਟੀ ਐੱਮ ਸੀ ਮਹਿਲਾ ਵਿੰਗ ਦੀ ਪ੍ਰਧਾਨ ਵਜੋਂ ਅਸਤੀਫਾ ਦੇਣ ਤੋਂ ਬਾਅਦ ਚੀਫ਼ ਵ੍ਹਿਪ ਦੇ ਅਹੁਦੇ ਤੋਂ ਹਟਾਏ ਜਾਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਾਕੋਲੀ ਨੇ ਕਿਹਾ ਕਿ ਉਨ੍ਹਾਂ ਨੂੰ ਹਟਾਉਣਾ ਮਨਮਾਨਾ ਅਤੇ ਇੱਕਤਰਫ਼ਾ ਸੀ। ਉਨ੍ਹਾਂ ਦੱਸਿਆ, “ਪਾਰਟੀ ਚੇਅਰਪਰਸਨ ਨੇ ਭਾਵੇਂ ਮੇਰੀ ਜਗ੍ਹਾ ਕਿਸੇ ਹੋਰ ਨੂੰ ਲਗਾਉਣ ਦਾ ਐਲਾਨ ਕਰ ਦਿੱਤਾ ਹੋਵੇ, ਪਰ ਇਸ ਨਾਲ ਸੰਵਿਧਾਨਕ ਅਤੇ ਸੰਸਦੀ ਸਥਿਤੀ ਰਾਤੋ-ਰਾਤ ਨਹੀਂ ਬਦਲ ਜਾਂਦੀ।” ਕਾਕੋਲੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਭਵਿੱਖ ਦਾ ਸਿਆਸੀ ਰਸਤਾ ਐੱਨ ਡੀ ਏ ਦੇ ਅਨੁਕੂਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਇਸ ਮੁਤਾਬਕ ਅਸੀਂ ਸਪੀਕਰ ਨੂੰ ਆਪਣੇ ਫੈਸਲੇ ਬਾਰੇ ਦੱਸਾਂਗੇ। ਅਸੀਂ ਐੱਨ ਡੀ ਏ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਅਤੇ ਸਪੀਕਰ ਨੂੰ ਪੱਤਰ ਜਲਦੀ ਹੀ ਭੇਜਿਆ ਜਾਵੇਗਾ।”

Leave a Reply

Your email address will not be published. Required fields are marked *