ਬੰਗਾਲ ਤੋਂ ਉੱਤਰਾਖੰਡ ਤੱਕ ਬਾਰਿਸ਼ ਨੇ ਮਚਾਈ ਤਬਾਹੀ

ਬੰਗਾਲ ਤੋਂ ਉੱਤਰਾਖੰਡ ਤੱਕ ਬਾਰਿਸ਼...
ਨਵੀਂ ਦਿੱਲੀ : ਦੇਸ਼ ਦੇ ਕਈ ਰਾਜਾਂ ਵਿੱਚ ਲਗਾਤਾਰ ਹੋ ਰਹੇ ਭਾਰੀ ਮੀਂਹ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਚੰਡੀਗੜ੍ਹ ਅਤੇ ਮੱਧ ਪ੍ਰਦੇਸ਼ ਤੋਂ ਹੜ੍ਹ, ਭੂ-ਖਿਸਕਣ ਅਤੇ ਹੋਰ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਪਏ ਮੂਸਲਾਧਾਰ ਮੀਂਹ ਤੋਂ ਬਾਅਦ ਸਰੋਲ ਮੁਹੱਲੇ ਸਮੇਤ ਕਈ ਇਲਾਕਿਆਂ ਵਿੱਚ ਅਚਾਨਕ ਹੜ੍ਹ ਆ ਗਿਆ। ਪਾਣੀ ਦੇ ਨਾਲ ਆਏ ਪੱਥਰਾਂ ਅਤੇ ਮਲਬੇ ਨੇ ਘਰਾਂ ਅਤੇ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਕ ਹਫ਼ਤੇ ਤੱਕ ਬਾਰਿਸ਼ ਦਾ ਅਲਰਟ, ਚਾਰ ਧਾਮ ਯਾਤਰਾ ਰੁਕੀ
ਕਈ ਮਕਾਨਾਂ ਦੀ ਪਹਿਲੀ ਮੰਜ਼ਿਲ ਤੱਕ ਮਲਬਾ ਭਰ ਗਿਆ, ਜਿਸ ਨਾਲ ਵੱਡਾ ਨੁਕਸਾਨ ਹੋਇਆ। ਉੱਤਰਾਖੰਡ ਵਿੱਚ ਮੰਗਲਵਾਰ ਸਵੇਰੇ ਚਮੋਲੀ, ਟਿਹਰੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਵਿੱਚ ਭੂ-ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਰੁਦਰਪ੍ਰਯਾਗ ਦੇ ਕੁੰਡ-ਕਾਕੜਾ ਵਿਚਕਾਰ ਕੇਦਾਰਨਾਥ ਨੈਸ਼ਨਲ ਹਾਈਵੇਅ ਮਲਬਾ ਆਉਣ ਕਾਰਨ ਬੰਦ ਹੋ ਗਿਆ, ਜਦਕਿ ਸੋਨਪ੍ਰਯਾਗ-ਗੌਰੀਕੁੰਡ ਹਾਈਵੇਅ ਵੀ ਬੰਦ ਹੈ। ਇਸ ਸਥਿਤੀ ਨੂੰ ਦੇਖਦਿਆਂ ਚਾਰਧਾਮ ਯਾਤਰਾ ਦੋ ਦਿਨਾਂ ਲਈ ਰੋਕ ਦਿੱਤੀ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀ ਮੰਗਲਵਾਰ ਸਵੇਰੇ ਤੇਜ਼ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਆਵਾਜਾਈ ਪ੍ਰਭਾਵਿਤ ਰਹੀ।
ਇਸੇ ਦੌਰਾਨ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਗਰਲਜ਼ ਹੋਸਟਲ ਤੋਂ ਆਪਣੇ ਵਿਭਾਗ ਵੱਲ ਜਾ ਰਹੀ ਇੱਕ ਪੀਐਚਡੀ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉੱਥੇ ਹੀ ਮੱਧ ਪ੍ਰਦੇਸ਼ ਦੇ ਸ਼ਹਡੋਲ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਬਿਜਲੀ ਡਿੱਗਣ ਨਾਲ 11 ਸਾਲਾ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ ਕਈ ਖੇਤਰਾਂ ਵਿੱਚ ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
