ਸੀ.ਜੇ.ਪੀ. ਦੇ ਪ੍ਰਦਰਸ਼ਨ ’ਚ ਸ਼ਾਮਲ 989 ਲੋਕਾਂ ਦਾ ਅਪਰਾਧਿਕ ਰਿਕਾਰਡ : ਦਿੱਲੀ ਪੁਲੀਸ

0
Delhi polic

ਸੀ.ਜੇ.ਪੀ. ਦੇ ਪ੍ਰਦਰਸ਼ਨ ’ਚ ਸ਼ਾਮਲ 989...

ਨਵੀਂ ਦਿੱਲੀ : ਦਿੱਲੀ ਦੇ ਜੰਤਰ-ਮੰਤਰ ’ਤੇ ਕੌਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਸਥਾਨ ਅਤੇ ਆਸ-ਪਾਸ ਮੌਜੂਦ ਲੋਕਾਂ ਦੀ ਜਾਂਚ ਦੌਰਾਨ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਵੱਡੀ ਗਿਣਤੀ ਵਿੱਚ ਅਜਿਹੇ ਵਿਅਕਤੀ ਮਿਲੇ ਹਨ, ਜਿਨ੍ਹਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ਅਧਿਕਾਰਤ ਸਰੋਤਾਂ ਅਨੁਸਾਰ ਕੁੱਲ 2,873 ਵਿਅਕਤੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 989 (ਲਗਭਗ ਇੱਕ-ਤਿਹਾਈ) ਲੋਕ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਰਹੇ ਹਨ।

ਜਾਂਚ ਨਾਲ ਜੁੜੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ, ਰਿਕਾਰਡ ਦੀ ਪੜਤਾਲ ਵਿੱਚ 101 ਵਿਅਕਤੀ ਕਤਲ, 62 ਕਤਲ ਦੀ ਕੋਸ਼ਿਸ਼, 284 ਲੁੱਟ-ਖੋਹ, 229 ਅਸਲਾ ਐਕਟ, 135 ਸਨੈਚਿੰਗ, 19 ਅਗਵਾ, 67 ਐਨਡੀਪੀਐੱਸ ਐਕਟ, 61 ਜਬਰ-ਜਨਾਹ, 25 ਔਰਤਾਂ ਨਾਲ ਛੇੜਛਾੜ ਅਤੇ 6 ਪੋਕਸੋ ਐਕਟ ਨਾਲ ਸੰਬੰਧਤ ਮਾਮਲਿਆਂ ਵਿੱਚ ਸ਼ਾਮਲ ਪਾਏ ਗਏ।

ਪੁਲੀਸ ਅਨੁਸਾਰ ਇਹ ਜਾਂਚ 20 ਜੁਲਾਈ ਨੂੰ ਸੀ.ਜੇ.ਪੀ. ਦੇ ‘ਚਲੋ ਸੰਸਦ’ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਉਸ ਦਿਨ ਹੋਈਆਂ ਝੜਪਾਂ ਵਿੱਚ 200 ਤੋਂ ਵੱਧ ਪੁਲੀਸ ਕਰਮੀ ਅਤੇ 65 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਸਨ। ਪੁਲੀਸ ਨੇ ਕਿਹਾ ਕਿ ਇਹ ਵਿਸ਼ਲੇਸ਼ਣ ਵੱਖ-ਵੱਖ ਜ਼ਿਲ੍ਹਾ ਪੁਲੀਸ ਯੂਨਿਟਾਂ ਅਤੇ ਹੋਰ ਏਜੰਸੀਆਂ ਦੇ ਅਪਰਾਧਿਕ ਡਾਟਾਬੇਸ ਅਤੇ ਡੋਜ਼ੀਅਰ ਰਿਕਾਰਡਾਂ ਦੇ ਆਧਾਰ ’ਤੇ ਕੀਤਾ ਗਿਆ। ਅੰਕੜਿਆਂ ਅਨੁਸਾਰ, ਕਤਲ ਦੇ ਮਾਮਲਿਆਂ ਨਾਲ ਜੁੜੇ 101 ਵਿਅਕਤੀਆਂ ਵਿੱਚੋਂ 42 ਦੋ ਜਾਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ, ਜਦਕਿ 12 ਵਿਅਕਤੀਆਂ ਖ਼ਿਲਾਫ਼ 10 ਜਾਂ ਇਸ ਤੋਂ ਵੱਧ ਕੇਸ ਦਰਜ ਹਨ।

ਇਸੇ ਤਰ੍ਹਾਂ, ਲੁੱਟ-ਖੋਹ ਦੇ 284 ਮਾਮਲਿਆਂ ਵਿੱਚੋਂ 155 ਲੋਕ ਮੁੜ-ਮੁੜ ਅਪਰਾਧ ਕਰਨ ਵਾਲੇ ਪਾਏ ਗਏ। ਪੁਲੀਸ ਨੇ ਕਿਹਾ ਕਿ ਜਾਂਚ ਦਾ ਮਕਸਦ ਪ੍ਰਦਰਸ਼ਨ ਦੌਰਾਨ ਕਾਨੂੰਨ-ਵਿਵਸਥਾ ਭੰਗ ਕਰਨ ਵਾਲੇ ਤੱਤਾਂ ਦੀ ਪਛਾਣ ਕਰਨਾ ਅਤੇ ਘਟਨਾ ਨਾਲ ਜੁੜੇ ਤੱਥਾਂ ਦੀ ਪੁਸ਼ਟੀ ਕਰਨਾ ਹੈ। ਇਹ ਦਾਅਵੇ ਪੁਲੀਸ ਦੇ ਅਪਰਾਧਿਕ ਰਿਕਾਰਡ ਅਤੇ ਡਾਟਾਬੇਸ ਵਿਸ਼ਲੇਸ਼ਣ ’ਤੇ ਆਧਾਰਿਤ ਹਨ।

Leave a Reply

Your email address will not be published. Required fields are marked *