ਹਰਿਆਣਾ ਦੀ ਸ਼ਰਮਿਲਾ ਨੇ ਕਾਮਨਵੈਲਥ ਗੇਮਾਂ ’ਚ ਭਾਰਤ ਲਈ ਜਿੱਤਿਆ ਦੂਜਾ ਗੋਲਡ ਮੈਡਲ

ਹਰਿਆਣਾ ਦੀ ਸ਼ਰਮਿਲਾ ਨੇ ਕਾਮਨਵੈਲਥ...
ਨਵੀਂ ਦਿੱਲੀ : ਭਾਰਤ ਦੀ ਪੈਰਾ ਐਥਲੀਟ ਸ਼ਰਮੀਲਾ ਧਨਖੜ ਨੇ ਕਾਮਨਵੈਲਥ ਖੇਡਾਂ ਵਿੱਚ ਮਹਿਲਾਵਾਂ ਦੇ ਪੈਰਾ ਸ਼ਾਟ ਪੁੱਟ 657 ਵਰਗ ਵਿੱਚ 9.81 ਮੀਟਰ ਦਾ ਸੀਜ਼ਨ ਦਾ ਸਰਵੋਤਮ ਥ੍ਰੋ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ। ਇਹ ਮੌਜੂਦਾ ਖੇਡਾਂ ਵਿੱਚ ਭਾਰਤ ਦਾ ਦੂਜਾ ਸੋਨ ਤਗਮਾ ਹੈ। ਇਸੇ ਮੁਕਾਬਲੇ ਵਿੱਚ ਭਾਰਤ ਦੀ ਸ਼ਿਲਪਾ ਕੇ. ਸ਼ੈਲਾ ਨੇ ਕਾਂਸੀ ਦਾ ਤਗਮਾ ਜਿੱਤਿਆ। ਸ਼ਰਮੀਲਾ ਦੀ ਇਸ ਉਪਲਬਧੀ ਨਾਲ ਭਾਰਤ ਦੀ ਕੁੱਲ ਤਗਮਾ ਗਿਣਤੀ 10 ਹੋ ਗਈ ਹੈ ਅਤੇ ਟੀਮ ਅੰਕ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਵੇਟਲਿਫਟਿੰਗ ਦੇ 48 ਕਿਲੋਗ੍ਰਾਮ ਵਰਗ ਵਿੱਚ ਮੀਰਾਬਾਈ ਚਾਨੂ ਨੇ ਸੋਨ ਤਗਮਾ ਜਿੱਤਿਆ ਸੀ।
ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਚਿਤਰੌਲੀ ਪਿੰਡ ਦੀ ਰਹਿਣ ਵਾਲੀ ਸ਼ਰਮੀਲਾ ਧਨਖੜ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਰਹੀ ਹੈ। ਦੋ ਸਾਲ ਦੀ ਉਮਰ ਵਿੱਚ ਪੋਲਿਓ ਕਾਰਨ ਉਨ੍ਹਾਂ ਦਾ ਇੱਕ ਪੈਰ ਪ੍ਰਭਾਵਿਤ ਹੋ ਗਿਆ। ਪਿਤਾ ਛੋਟੇ ਕਿਸਾਨ ਸਨ ਅਤੇ ਮਾਤਾ ਨਜ਼ਰੋਂ ਵਾਂਝੀ ਹੋਣ ਕਾਰਨ ਪਰਿਵਾਰ ਆਰਥਿਕ ਤੰਗੀ ਵਿੱਚ ਰਿਹਾ। ਇਲਾਜ ਵੀ ਢੰਗ ਨਾਲ ਨਹੀਂ ਹੋ ਸਕਿਆ ਅਤੇ ਛੋਟੀ ਉਮਰ ਵਿੱਚ ਹੀ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ।
26 ਸਾਲ ਦੀ ਉਮਰ ਵਿੱਚ ਪਹਿਲੇ ਪਤੀ ਨੇ ਉਨ੍ਹਾਂ ਨੂੰ ਦੋ ਧੀਆਂ ਸਮੇਤ ਘਰ ਤੋਂ ਕੱਢ ਦਿੱਤਾ। ਇਸ ਤੋਂ ਬਾਅਦ ਉਹ ਮਾਇਕੇ ਆ ਗਈਆਂ। 28 ਸਾਲ ਦੀ ਉਮਰ ਵਿੱਚ ਅਜੀਤ ਨਾਲ ਦੂਜਾ ਵਿਆਹ ਹੋਇਆ। ਅਜੀਤ ਨੇ ਅਖ਼ਬਾਰ ਵਿੱਚ ਪੈਰਾ ਐਥਲੀਟਾਂ ਬਾਰੇ ਖ਼ਬਰ ਪੜ੍ਹ ਕੇ ਸ਼ਰਮੀਲਾ ਨੂੰ ਖੇਡਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਹਰ ਕਦਮ ’ਤੇ ਉਨ੍ਹਾਂ ਦਾ ਸਾਥ ਦਿੱਤਾ।
34 ਸਾਲ ਦੀ ਉਮਰ ਵਿੱਚ ਸ਼ਰਮੀਲਾ ਨੇ ਕੋਚ ਟੇਕਚੰਦ ਅਤੇ ਦੇਵੇਂਦਰ ਦੀ ਰਹਿਨੁਮਾਈ ਹੇਠ 657 ਵਰਗ ਦੇ ਸੀਟਡ ਸ਼ਾਟ ਪੁੱਟ ਮੁਕਾਬਲੇ ਦੀ ਟ੍ਰੇਨਿੰਗ ਸ਼ੁਰੂ ਕੀਤੀ। ਸ਼ਰਮੀਲਾ ਨੇ ਹੌਸਲਾ ਨਹੀਂ ਹਾਰਿਆ ਅਤੇ ਅੱਜ ਆਪਣੀ ਮਿਹਨਤ ਦੇ ਦਮ ’ਤੇ ਕਾਮਨਵੈਲਥ ਖੇਡਾਂ ਦਾ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ।
