ਕੈਨੇਡਾ ਵਿੱਚ ਜਮਾਨਤ ਨਿਯਮ ਹੋਏ ਸਖ਼ਤ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਕਾਨੂੰਨ

ਕੈਨੇਡਾ ਵਿੱਚ ਜਮਾਨਤ ਨਿਯਮ ਹੋਏ ਸਖ਼ਤ...
ਵੈਨਕੂਵਰ: ਕੈਨੇਡਾ ਵਿੱਚ ਅਪਰਾਧੀਆਂ ਲਈ ਜਮਾਨਤ ਹਾਸਲ ਕਰਨਾ ਹੁਣ ਹੋਰ ਮੁਸ਼ਕਲ ਹੋ ਜਾਵੇਗਾ। ਪਾਰਲੀਮੈਂਟ ਵੱਲੋਂ ਬਿਲ C-14 ਪਾਸ ਕੀਤੇ ਜਾਣ ਅਤੇ ਗਵਰਨਰ ਜਨਰਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਨਵੇਂ ਜਮਾਨਤ ਨਿਯਮ 15 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਹਨ।
ਫੈਡਰਲ ਕਾਨੂੰਨ ਮੰਤਰੀ Sean Fraser ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਸੂਬਿਆਂ ਦੇ ਕਾਨੂੰਨ ਮੰਤਰੀਆਂ ਅਤੇ ਨਿਆਂ ਵਿਭਾਗਾਂ ਨੂੰ ਨਵੇਂ ਨਿਯਮਾਂ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।
ਮੰਤਰੀ ਮੁਤਾਬਕ, ਇਸ ਕਾਨੂੰਨ ਦਾ ਮਕਸਦ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਜੇਲ੍ਹ ਵਿੱਚ ਰੱਖਣਾ ਅਤੇ ਵਾਰ-ਵਾਰ ਅਪਰਾਧ ਕਰਨ ਦੀ ਪ੍ਰਵਿਰਤੀ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਅਪਰਾਧ ਤੋਂ ਬਾਅਦ ਜਮਾਨਤ ਮਿਲਣ ਵਿੱਚ ਸਖ਼ਤੀ ਆਉਣ ਨਾਲ ਅਪਰਾਧੀਆਂ ਵੱਲੋਂ ਦੁਬਾਰਾ ਅਪਰਾਧ ਕਰਨ ਦੇ ਮਾਮਲਿਆਂ ਵਿੱਚ ਕਮੀ ਆ ਸਕਦੀ ਹੈ।
ਉਨ੍ਹਾਂ ਦੇ ਅਨੁਸਾਰ, ਨਵੇਂ ਨਿਯਮ ਚੋਰੀ, ਠੱਗੀ, ਹਿੰਸਕ ਅਪਰਾਧਾਂ, ਗੋਲੀਬਾਰੀ ਅਤੇ ਹੋਰ ਗੰਭੀਰ ਅਪਰਾਧਿਕ ਗਤੀਵਿਧੀਆਂ ’ਤੇ ਕਾਬੂ ਪਾਉਣ ਵਿੱਚ ਮਦਦਗਾਰ ਸਾਬਤ ਹੋਣਗੇ। ਮੰਤਰੀ ਨੇ ਇਹ ਵੀ ਮੰਨਿਆ ਕਿ ਪਿਛਲੇ ਸਮੇਂ ਦੌਰਾਨ ਨਰਮ ਜਮਾਨਤ ਨੀਤੀਆਂ ਕਾਰਨ ਕਈ ਖੇਤਰਾਂ ਵਿੱਚ ਅਪਰਾਧਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀ। ਸਰਕਾਰ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜੱਜਾਂ ਅਤੇ ਨਿਆਂ ਪ੍ਰਣਾਲੀ ਨੂੰ ਲੋੜੀਂਦੇ ਸਾਧਨ ਅਤੇ ਅਧਿਕਾਰ ਵੀ ਮੁਹੱਈਆ ਕਰਵਾਏ ਜਾਣਗੇ।
