ਚਮੜੀ ਦੇ ਰੋਗ ਲੱਭਣ ਲਈ ਪੰਜਾਬੀ ਯੂਨੀਵਰਸਿਟੀ ਅਤੇ ਪੀ.ਜੀ.ਆਈ. ਚੰਡੀਗੜ੍ਹ ਦੀ ਸਾਂਝੀ ਖੋਜ ਰਾਹੀਂ ਏ.ਆਈ. ਅਧਾਰਤ ਤਕਨੀਕ ਕੀਤੀ ਵਿਕਸਿਤ

0

ਪੀ.ਜੀ.ਆਈ. ਦੇ ਡਰਮਾਟੋਲੋਜੀ ਵਿਭਾਗ ਵਿੱਚ ਇਲਾਜ ਅਧੀਨ ਮਰੀਜ਼ਾਂ ਦੇ ਅਸਲ ਕਲੀਨਿਕਲ ਚਿੱਤਰਾਂ ਨੂੰ ਇਕੱਠਾ ਕਰ ਕੇ ਤਿਆਰ ਕੀਤਾ ਇੱਕ ਵਿਸ਼ੇਸ਼ ਡਾਟਾਸੈੱਟ*

ਪਟਿਆਲਾ, (ਰਾਜਿੰਦਰ ਸਿੰਘ ਥਿੰਦ) ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਅਤੇ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐੱਮ.ਈ.ਆਰ.) ਚੰਡੀਗੜ੍ਹ ਦੇ ਚਮੜੀ ਰੋਗ ਵਿਭਾਗ ਵੱਲੋਂ ਇੱਕ ਸਾਂਝਾ ਖੋਜ ਕਾਰਜ ਸੰਪੰਨ ਕੀਤਾ ਗਿਆ ਹੈ ਜਿਸ ਤਹਿਤ ਚਮੜੀ ਦੀਆਂ ਦੁਰਲੱਭ, ਗੁੰਝਲਦਾਰ ਅਤੇ ਚੁਣੌਤੀਪੂਰਨ ਬੀਮਾਰੀਆਂ ‘ਆਟੋਇਮਿਊਨ ਬਲਿਸਟਰਿੰਗ ਡਿਸੀਜ਼ਿਸ’ (ਜਿਵੇਂ ਸਰੀਰ ‘ਤੇ ਛਾਲੇ ਪੈਣ ਦੀ ਬੀਮਾਰੀ) ਦਾ ਪਤਾ ਲਗਾਉਣ ਵਿੱਚ ਸਹਾਇਤਾ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ‘ਤੇ ਅਧਾਰਤ ਵਿਧੀਆਂ ਵਿਕਸਿਤ ਕੀਤੀਆਂ ਗਈਆਂ ਹਨ। ਇਹ ਖੋਜ ਕਾਰਜ ਖੋਜਾਰਥੀ ਡਾ. ਮਨਬੀਰ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਮਨਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਡਰਮਾਟੋਲੋਜੀ ਵਿਭਾਗ ਦੇ ਪ੍ਰੋ. ਦਿਪਾਂਕਰ ਡੇਅ ਦੀ ਸਹਿ-ਅਗਵਾਈ ਹੇਠ ਨੇਪਰੇ ਚਾੜ੍ਹਿਆ ਗਿਆ ਹੈ। 

ਖੋਜਾਰਥੀ ਡਾ. ਮਨਬੀਰ ਸਿੰਘ ਨੇ ਦੱਸਿਆ ਕਿ ਇਸ ਅਧਿਐਨ ਨੂੰ ਦੋਵਾਂ ਸੰਸਥਾਵਾਂ ਦੀਆਂ ਸੰਸਥਾਗਤ ਨੈਤਿਕਤਾ ਕਮੇਟੀਆਂ (ਆਈ.ਈ.ਸੀ.) ਅਤੇ ਪੀ.ਜੀ.ਆਈ. ਦੀ ਕੋਲੈਬੋਰੇਟਿਵ ਰਿਸਰਚ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਖੋਜ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ‘ਆਟੋਇਮਿਊਨ ਬਲਿਸਟਰਿੰਗ ਬੀਮਾਰੀਆਂ’ (ਏ.ਆਈ.ਬੀ.ਡੀਜ਼) ਦਾ ਸਹੀ ਪਤਾ ਲਗਾਉਣਾ ਕਾਫ਼ੀ ਮੁਸ਼ਕਲ ਹੁੰਦਾ ਹੈ ਕਿਉਂਕਿ ਇਸ ਸਬੰਧੀ ਕਈ ਵਿਸ਼ੇਸ਼ ਜਾਂਚਾਂ ਦੀ ਲੋੜ ਹੁੰਦੀ ਹੈ, ਜੋ ਕਿ ਬਹੁਤ ਮਹਿੰਗੀਆਂ ਅਤੇ ਸਮਾਂ ਲੈਣ ਵਾਲੀਆਂ ਹਨ। ਇਸ ਕਾਰਨ ਬੀਮਾਰੀ ਦੀ ਪੁਸ਼ਟੀ ਹੋਣ ਵਿੱਚ ਦੇਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਇਸ ਬੀਮਾਰੀ ਦੀਆਂ ਕਈ ਉਪ-ਕਿਸਮਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਲੱਛਣ ਆਪਸ ਵਿੱਚ ਕਾਫ਼ੀ ਮਿਲਦੇ-ਜੁਲਦੇ ਹਨ, ਜਿਸ ਕਾਰਨ ਪਤਾ ਲਗਾਉਣ ਦੀ ਪ੍ਰਕਿਰਿਆ ਹੋਰ ਵੀ ਚੁਣੌਤੀਪੂਰਨ ਬਣ ਜਾਂਦੀ ਹੈ।

ਡਾ. ਮਨਿੰਦਰ ਸਿੰਘ ਨੇ ਦੱਸਿਆ ਕਿ ਹਾਲਾਂਕਿ ‘ਡਾਇਰੈਕਟ ਇਮਿਊਨੋਫਲੋਰੋਸੈਂਸ’ (ਡੀ.ਆਈ. ਐੱਫ.) ਨੂੰ ਇਸ ਬੀਮਾਰੀ ਦੀ ਪੁਸ਼ਟੀ ਲਈ ਸਭ ਤੋਂ ਉੱਤਮ (ਗੋਲਡ ਸਟੈਂਡਰਡ) ਟੈਸਟ ਮੰਨਿਆ ਜਾਂਦਾ ਹੈ, ਅਤੇ ਇਸ ਦੇ ਨਾਲ ਹੀ ‘ਇਨਡਾਇਰੈਕਟ ਇਮਿਊਨੋਫਲੋਰੋਸੈਂਸ’ (ਆਈ.ਆਈ.ਐੱਫ.) ਅਤੇ ‘ਐਲਿਸਾ’ ਟੈਸਟਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪਰ ਇਹ ਸਾਰੀਆਂ ਜਾਂਚਾਂ ਕੇਵਲ ਵੱਡੀਆਂ ਤੇ ਵਿਸ਼ੇਸ਼ ਮੈਡੀਕਲ ਸੰਸਥਾਵਾਂ ਵਿੱਚ ਹੀ ਉਪਲਬਧ ਹਨ ਅਤੇ ਇਹ ਖ਼ਰਚੇ, ਸਮੇਂ ਤੇ ਤਕਨੀਕੀ ਮੁਹਾਰਤ ਪੱਖੋਂ ਸੀਮਤ ਹਨ। ਅਜਿਹੀ ਸਥਿਤੀ ਵਿੱਚ, ਇਹ ਨਵੀਂ ਏ.ਆਈ. ਤਕਨੀਕ ਮੁੱਢਲੇ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਲਈ ਬੇਹੱਦ ਸਹਾਈ ਸਿੱਧ ਹੋਵੇਗੀ, ਜਿੱਥੇ ਮਾਹਿਰ ਡਾਕਟਰਾਂ ਅਤੇ ਮਹਿੰਗੇ ਟੈਸਟਾਂ ਦੀ ਘਾਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਚਮੜੀ ਦੇ ਆਮ ਰੋਗਾਂ ‘ਤੇ ਤਾਂ ਬਹੁਤ ਖੋਜਾਂ ਹੋਈਆਂ ਹਨ, ਪਰ ਏ.ਆਈ.ਬੀ.ਡੀਜ਼ ਵਰਗੀ ਗੁੰਝਲਦਾਰ ਬੀਮਾਰੀ ‘ਤੇ ਖੋਜ ਬਹੁਤ ਸੀਮਤ ਸੀ। ਇਸ ਦਾ ਮੁੱਖ ਕਾਰਨ ਡਾਕਟਰੀ ਤੌਰ ‘ਤੇ ਪ੍ਰਮਾਣਿਤ ਡਾਟਾਸੈੱਟ ਦਾ ਨਾ ਹੋਣਾ ਸੀ। ਇਸ ਕਮੀ ਨੂੰ ਦੂਰ ਕਰਦਿਆਂ, ਖੋਜ ਟੀਮ ਨੇ ਪੀ.ਜੀ.ਆਈ. ਚੰਡੀਗੜ੍ਹ ਦੇ ਡਰਮਾਟੋਲੋਜੀ ਵਿਭਾਗ ਵਿੱਚ ਇਲਾਜ ਅਧੀਨ ਮਰੀਜ਼ਾਂ ਦੇ ਅਸਲ ਕਲੀਨਿਕਲ ਚਿੱਤਰਾਂ ਨੂੰ ਇਕੱਠਾ ਕਰਕੇ ਇੱਕ ਵਿਸ਼ੇਸ਼ ਡਾਟਾਸੈੱਟ ਤਿਆਰ ਕੀਤਾ। 

ਪ੍ਰੋ. ਦਿਪਾਂਕਰ ਡੇਅ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਅਤੇ ਬੀਮਾਰੀ ਦੀ ਪੂਰੀ ਪੁਸ਼ਟੀ ਹੋਣ ਤੋਂ ਬਾਅਦ ਹੀ ਇਨ੍ਹਾਂ ਚਿੱਤਰਾਂ ਨੂੰ ਇਸ ਖੋਜ ਵਿੱਚ ਸ਼ਾਮਲ ਕੀਤਾ ਗਿਆ। ਇਸ ਅਧਿਐਨ ਦੌਰਾਨ ਰਵਾਇਤੀ ਮਸ਼ੀਨ ਲਰਨਿੰਗ, ਹਾਈਬ੍ਰਿਡ ਮਾਡਲ ਅਤੇ ਡੀਪ ਲਰਨਿੰਗ ਵਿਧੀਆਂ ਦਾ ਮੁਲਾਂਕਣ ਕੀਤਾ ਗਿਆ। ਖੋਜ ਟੀਮ ਨੇ 240 ਦੇ ਕਰੀਬ ਮਾਡਲ ਸੰਰਚਨਾਵਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ।

ਉਨ੍ਹਾਂ ਦੱਸਿਆ ਕਿ ਜਦੋਂ ਇਸ ਏ.ਆਈ. ਮਾਡਲ ਦੀ ਕਾਰਗੁਜ਼ਾਰੀ ਦੀ ਤੁਲਨਾ ਵੱਖ-ਵੱਖ ਤਜਰਬੇ ਵਾਲੇ ਚਮੜੀ ਦੇ ਮਾਹਿਰ ਡਾਕਟਰਾਂ ਨਾਲ਼ ਕੀਤੀ ਗਈ, ਤਾਂ ਨਤੀਜੇ ਹੈਰਾਨੀਜਨਕ ਸਨ। ਵਿਕਸਿਤ ਕੀਤੇ ਗਏ ਏ.ਆਈ. ਮਾਡਲਾਂ ਨੇ ਬੀਮਾਰੀ ਦੀ ਸਹੀ ਪਛਾਣ ਕਰਨ ਵਿੱਚ ਹਿੱਸਾ ਲੈਣ ਵਾਲੇ ਡਾਕਟਰਾਂ ਦੇ ਮੁਕਾਬਲੇ ਲਗਾਤਾਰ ਬਿਹਤਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਹ ਖੋਜ ਸਾਬਤ ਕਰਦੀ ਹੈ ਕਿ ਏ.ਆਈ. ਤਕਨੀਕ ਦੁਰਲੱਭ ਚਮੜੀ ਰੋਗਾਂ ਦੇ ਸਹੀ ਅਤੇ ਨਿਰਪੱਖ ਨਿਦਾਨ ਵਿੱਚ ਇੱਕ ਵੱਡਾ ਸਹਿਯੋਗੀ ਸਾਬਿਤ ਹੋ ਸਕਦੀ ਹੈ।

ਇਸ ਖੋਜ ਟੀਮ ਨੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਿਆ ਕਿ ਇਸ ਡਾਟਾਸੈੱਟ ਦਾ ਹੋਰ ਵਿਸਤਾਰ ਕੀਤਾ ਜਾਵੇਗਾ, ਜਿਸ ਵਿੱਚ ਮਰੀਜ਼ਾਂ ਦੀ ਉਮਰ, ਲਿੰਗ, ਖੇਤਰੀ ਪਿਛੋਕੜ, ਲੈਬ ਟੈਸਟਾਂ ਦੀ ਰਿਪੋਰਟ ਅਤੇ ਸਰੀਰ ‘ਤੇ ਛਾਲਿਆਂ ਦੀ ਸਥਿਤੀ ਵਰਗੇ ਹੋਰ ਅੰਕੜੇ ਵੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ‘ਵਿਜ਼ਨ ਟ੍ਰਾਂਸਫਾਰਮਰ-ਅਧਾਰਤ ਮਾਡਲਾਂ’ ਅਤੇ ਬੀਮਾਰੀ ਦੀ ਲੰਬੇ ਸਮੇਂ ਤੱਕ ਨਿਗਰਾਨੀ (ਲੌਂਗੀਚੂਡਨਲ ਮੋਨੀਟਰਿੰਗ) ਕਰਨ ਵਾਲ਼ੀਆਂ ਪ੍ਰਣਾਲੀਆਂ ਦੀ ਵਰਤੋਂ ਕਰ ਕੇ ਇਸ ਤਕਨੀਕ ਦੀ ਕਲੀਨਿਕਲ ਉਪਯੋਗਤਾ ਨੂੰ ਹੋਰ ਵਧੇਰੇ ਮਜ਼ਬੂਤ ਬਣਾਇਆ ਜਾਵੇਗਾ।

ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਖੋਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਖੋਜਾਂ ਇਸ ਗੱਲ ਦੀ ਪ੍ਰਤੱਖ ਮਿਸਾਲ ਹਨ ਕਿ ਕਿਵੇਂ ਆਧੁਨਿਕ ਤਕਨਾਲੋਜੀ ਦੀ ਵਰਤੋਂ ਮਨੁੱਖੀ ਸਿਹਤ ਸੰਭਾਲ ਅਤੇ ਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਅਤੇ ਪੀ.ਜੀ.ਆਈ. ਵਰਗੀਆਂ ਨਾਮਵਰ ਸੰਸਥਾਵਾਂ ਦਾ ਇਹ ਸਾਂਝਾ ਉਪਰਾਲਾ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।

Leave a Reply

Your email address will not be published. Required fields are marked *