ਸਿਆਟਲ ਫੂਡ ਫੈਸਟੀਵਲ ਦੌਰਾਨ ਹੋਈ ਗੋਲੀਬਾਰੀ, ਕਈ ਜ਼ਖ਼ਮੀ

ਸਿਆਟਲ ਫੂਡ ਫੈਸਟੀਵਲ ਦੌਰਾਨ ਹੋਈ...
ਵਾਸ਼ਿੰਗਟਨ : ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਮਸ਼ਹੂਰ ਸਪੇਸ ਨੀਡਲ ਨੇੜੇ ਸਥਿਤ ਸਿਆਟਲ ਸੈਂਟਰ ਵਿੱਚ ਐਤਵਾਰ ਸ਼ਾਮ ਇੱਕ ਫੂਡ ਫੈਸਟੀਵਲ ਦੌਰਾਨ ਗੋਲੀਬਾਰੀ ਹੋਣ ਨਾਲ ਕਈ ਲੋਕ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਮੌਕੇ ’ਤੇ ਭਗਦੜ ਮਚ ਗਈ ਅਤੇ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਆਟਲ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਰੀ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਟਲ ਸੈਂਟਰ ਇਲਾਕੇ ਤੋਂ ਦੂਰ ਰਹਿਣ। ਹਾਲਾਂਕਿ, ਜ਼ਖ਼ਮੀਆਂ ਦੀ ਸਹੀ ਗਿਣਤੀ ਅਤੇ ਕਿਸੇ ਸ਼ੱਕੀ ਦੀ ਗ੍ਰਿਫ਼ਤਾਰੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।
ਘਟਨਾ ਉਸ ਸਮੇਂ ਵਾਪਰੀ ਜਦੋਂ ਸਿਆਟਲ ਸੈਂਟਰ ਵਿੱਚ ਹਰ ਸਾਲ ਹੋਣ ਵਾਲਾ ’ਬਾਈਟ ਆਫ਼ ਸਿਆਟਲ ਫੂਡ ਫੈਸਟੀਵਲ’ ਚੱਲ ਰਿਹਾ ਸੀ। ਇਸ ਪ੍ਰਸਿੱਧ ਸਮਾਗਮ ਵਿੱਚ ਖਾਣ-ਪੀਣ ਦੇ ਸਟਾਲਾਂ, ਲਾਈਵ ਸੰਗੀਤ ਅਤੇ ਹੋਰ ਮਨੋਰੰਜਨ ਪ੍ਰੋਗਰਾਮਾਂ ਲਈ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਹਨ।
ਪ੍ਰਤੱਖਦਰਸ਼ੀਆਂ ਦੇ ਅਨੁਸਾਰ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 6 ਵਜੇ ਅਚਾਨਕ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਤੋਂ ਬਾਅਦ ਸਮਾਗਮ ਵਿੱਚ ਹਫੜਾ-ਦਫੜੀ ਮਚ ਗਈ। ਇੱਕ ਹਾਜ਼ਰ ਵਿਅਕਤੀ ਨੇ ਮਾਹੌਲ ਨੂੰ ‘ਪੂਰੀ ਤਰ੍ਹਾਂ ਅਰਾਜਕ’ ਦੱਸਿਆ।
