ਸੋਸ਼ਲ ਮੀਡੀਆ ’ਤੇ ਈ-20 ਜਨਤਾ ਪਾਰਟੀ ਦੀ ਐਂਟਰੀ ਵਧਾ ਸਕਦੀ ਹੈ ਸਰਕਾਰ ਦੀ ਮੁਸ਼ਕਲ

ਸੋਸ਼ਲ ਮੀਡੀਆ ’ਤੇ ਈ-20 ਜਨਤਾ ਪਾਰਟੀ...
ਨਵੀਂ ਦਿੱਲੀ : ਸੋਸ਼ਲ ਮੀਡੀਆ ’ਤੇ ਵਿਅੰਗਾਤਮਕ ਮੁਹਿੰਮਾਂ ਦਾ ਸਿਲਸਿਲਾ ਜਾਰੀ ਹੈ। ’ਕੌਕਰੇਚ ਜਨਤਾ ਪਾਰਟੀ’ (ਸੀਜੇਪੀ) ਤੋਂ ਬਾਅਦ ਹੁਣ ਈ-20 ਜਨਤਾ ਪਾਰਟੀ’ ਨਾਮ ਨਾਲ ਇੱਕ ਨਵੀਂ ਆਨਲਾਈਨ ਮੁਹਿੰਮ ਚਰਚਾ ਵਿੱਚ ਹੈ। ਇਹ ਮੁਹਿੰਮ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਦੇਸ਼ ਦੇ ਪੈਟਰੋਲ ਪੰਪਾਂ ’ਤੇ ਈ-20 (20 ਫੀਸਦੀ ਐਥਨੌਲ ਮਿਸ਼ਰਤ) ਪੈਟਰੋਲ ਦੇ ਨਾਲ-ਨਾਲ 100 ਫੀਸਦੀ ਸ਼ੁੱਧ ਪੈਟਰੋਲ ਵੀ ਉਪਲਬਧ ਕਰਵਾਇਆ ਜਾਵੇ, ਤਾਂ ਜੋ ਖਪਤਕਾਰ ਆਪਣੀ ਪਸੰਦ ਅਨੁਸਾਰ ਬਾਲਣ ਦੀ ਚੋਣ ਕਰ ਸਕਣ।
ਮਲੇਸ਼ੀਆ ਤੋਂ ਸੰਚਾਲਿਤ ਦੱਸੇ ਜਾ ਰਹੇ ਇਸ ਆਨਲਾਈਨ ਗਰੁੱਪ ਦਾ ਕਹਿਣਾ ਹੈ ਕਿ ਉਹ ਐਥਨੌਲ ਮਿਸ਼ਰਤ ਬਾਲਣ ਦਾ ਵਿਰੋਧ ਨਹੀਂ ਕਰਦਾ, ਸਗੋਂ ਖਪਤਕਾਰਾਂ ਨੂੰ ਬਦਲਵਾਂ ਵਿਕਲਪ ਨਾ ਮਿਲਣ ਦੇ ਮੁੱਦੇ ਨੂੰ ਉਠਾ ਰਿਹਾ ਹੈ। ਮੁਹਿੰਮ ਦੀ ਮੁੱਖ ਮੰਗ ਹੈ ਕਿ ਵਾਹਨ ਮਾਲਕਾਂ ਨੂੰ ਇਹ ਅਧਿਕਾਰ ਮਿਲੇ ਕਿ ਉਹ ਆਪਣੇ ਵਾਹਨ ਲਈ ਕਿਹੜਾ ਬਾਲਣ ਚੁਣਨਾ ਚਾਹੁੰਦੇ ਹਨ।
ਇਸ ਤੋਂ ਇਲਾਵਾ ਮੁਹਿੰਮ ਵੱਲੋਂ ਪੈਟਰੋਲ ’ਤੇ ਸਪੱਸ਼ਟ ਲੇਬਲਿੰਗ, ਈ-20 ਦੇ ਮਾਈਲੇਜ, ਇੰਜਣ ਦੀ ਕਾਰਗੁਜ਼ਾਰੀ ਅਤੇ ਰੱਖ-ਰਖਾਅ ’ਤੇ ਪੈਣ ਵਾਲੇ ਪ੍ਰਭਾਵਾਂ ਨਾਲ ਸਬੰਧਤ ਅਧਿਐਨਾਂ ਨੂੰ ਜਨਤਕ ਕਰਨ ਅਤੇ ਈ-20 ਬਾਲਣ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਬਾਰੇ ਸੁਤੰਤਰ ਖੋਜ ਕਰਵਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਇਸ ਮੁਹਿੰਮ ਦੀ ਤੁਲਨਾ ’ਕੌਕਰੇਚ ਜਨਤਾ ਪਾਰਟੀ’ ਨਾਲ ਕੀਤੀ ਜਾ ਰਹੀ ਹੈ, ਕਿਉਂਕਿ ਇਸ ਨੇ ਵੀ ਵਿਅੰਗਾਤਮਕ ਅੰਦਾਜ਼ ਅਪਣਾਇਆ ਹੈ। ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਵੱਲੋਂ ਇਸ ਨਾਲ ਸਬੰਧਤ ਇੱਕ ਪੋਸਟ ਨੂੰ ਰੀਪੋਸਟ ਕਰਨ ਤੋਂ ਬਾਅਦ ਇਹ ਮੁਹਿੰਮ ਹੋਰ ਵੀ ਚਰਚਾ ਵਿੱਚ ਆ ਗਈ।
