ਈਰਾਨ ਨਾਲ ਜੰਗ ’ਚ ਸੈਨਿਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਛੁਪਾ ਰਹੇ ਹਨ ਟਰੰਪ : ਸਾਬਕਾ ਰੱਖਿਆ ਮੰਤਰੀ

ਈਰਾਨ ਨਾਲ ਜੰਗ ’ਚ ਸੈਨਿਕਾਂ ਦੇ ਮਾਰੇ ...
ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਲਿਓਨ ਪਨੇਟਾ ਅਤੇ ਕਈ ਰੱਖਿਆ ਮਾਹਿਰਾਂ ਨੇ ਦੋਸ਼ ਲਗਾਇਆ ਹੈ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਈਰਾਨ ਜੰਗ ਵਿੱਚ ਮਾਰੇ ਗਏ ਅਮਰੀਕੀ ਸੈਨਿਕਾਂ ਦੀ ਅਸਲ ਗਿਣਤੀ ਜਨਤਕ ਨਹੀਂ ਕਰ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਰੱਖਿਆ ਵਿਭਾਗ ਵੱਲੋਂ ਪਿਛਲੇ ਢਾਈ ਮਹੀਨਿਆਂ ਤੋਂ ਕੋਈ ਪ੍ਰੈੱਸ ਬ੍ਰੀਫਿੰਗ ਨਹੀਂ ਕੀਤੀ ਗਈ, ਜਿਸ ਕਾਰਨ ਇਹ ਸ਼ੱਕ ਹੋਰ ਮਜ਼ਬੂਤ ਹੋਇਆ ਹੈ ਕਿ ਨਵੰਬਰ ਵਿੱਚ ਹੋਣ ਵਾਲੀਆਂ ਮੱਧ-ਅਵਧੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਜੰਗੀ ਨੁਕਸਾਨ ਦੀ ਜਾਣਕਾਰੀ ਲੁਕਾਈ ਜਾ ਰਹੀ ਹੈ।
ਅਖ਼ਬਾਰ ਦਿ ਗਾਰਡੀਅਨ ਨਾਲ ਗੱਲਬਾਤ ਕਰਦਿਆਂ ਲਿਓਨ ਪਨੇਟਾ ਨੇ ਕਿਹਾ ਕਿ ਪੈਂਟਾਗਨ ਦਾ ਜੰਗ ਵਿੱਚ ਹਤਾਹਤ ਹੋਏ ਸੈਨਿਕਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਰਵੱਈਆ “ਸ਼ਰਮਨਾਕ”ਹੈ। ਰਿਪੋਰਟਾਂ ਅਨੁਸਾਰ ਹੁਣ ਤੱਕ ਈਰਾਨ ਜੰਗ ਵਿੱਚ 18 ਅਮਰੀਕੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 430 ਜਵਾਨ ਜ਼ਖ਼ਮੀ ਹੋਏ ਹਨ। ਪੈਂਟਾਗਨ ਨੇ ਸੋਮਵਾਰ ਨੂੰ ਦੱਸਿਆ ਕਿ 7 ਜੁਲਾਈ ਤੋਂ ਬਾਅਦ 100 ਸੈਨਿਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ 96 ਫ਼ੀਸਦੀ ਮੁੜ ਡਿਊਟੀ ’ਤੇ ਪਰਤ ਚੁੱਕੇ ਹਨ। ਹਾਲਾਂਕਿ ਰੱਖਿਆ ਵਿਭਾਗ ਨੇ ਸ਼ੁਰੂ ਵਿੱਚ ਇਹ ਅੰਕੜੇ ਜਾਰੀ ਨਹੀਂ ਕੀਤੇ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ।
ਇਸੇ ਦੌਰਾਨ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਪੈਂਟਾਗਨ ਦੀ ਵੈੱਬਸਾਈਟ ’ਤੇ ਮਾਰੇ ਗਏ ਸੈਨਿਕਾਂ ਦੀ ਗਿਣਤੀ 18 ਤੋਂ ਘਟਾ ਕੇ 14 ਦਿਖਾਈ ਗਈ ਸੀ। ਇਸ ਸਬੰਧੀ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਡਾਟਾ ਵਿੱਚ ਆਈ ਅਸਥਾਈ ਤਕਨੀਕੀ ਗੜਬੜ ਕਾਰਨ ਹੋਇਆ ਸੀ।
