ਸੀਜੇਪੀ ਦਾ ਧਰਨਾ ਖ਼ਤਮ, ਦਿੱਲੀ ਮੈਟਰੋ ਦੇ ਸਾਰੇ ਸਟੇਸ਼ਨ ਮੁੜ ਖੁੱਲ੍ਹੇ

ਸੀਜੇਪੀ ਦਾ ਧਰਨਾ ਖ਼ਤਮ, ਦਿੱਲੀ ਮੈਟਰੋ...
ਨਵੀਂ ਦਿੱਲੀ : ਕੌਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਜੰਤਰ-ਮੰਤਰ ‘ਤੇ ਚੱਲ ਰਿਹਾ ਧਰਨਾ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਐਤਵਾਰ ਨੂੰ ਦਿੱਲੀ ਮੈਟਰੋ ਨੈੱਟਵਰਕ ਦੇ ਸਾਰੇ ਸਟੇਸ਼ਨ ਆਮ ਯਾਤਰੀਆਂ ਲਈ ਮੁੜ ਖੋਲ੍ਹ ਦਿੱਤੇ ਗਏ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਜਾਣਕਾਰੀ ਦਿੱਤੀ ਕਿ ਸਾਰੇ ਸਟੇਸ਼ਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟ ਆਮ ਸੇਵਾਵਾਂ ਲਈ ਖੋਲ੍ਹ ਦਿੱਤੇ ਗਏ ਹਨ। ਪ੍ਰਦਰਸ਼ਨ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਰਾਜੀਵ ਚੌਂਕ, ਸੈਂਟਰਲ ਸਕੱਤਰੇਤ, ਮੰਡੀ ਹਾਊਸ, ਆਈਟੀਓ, ਨਵੀਂ ਦਿੱਲੀ, ਪਟੇਲ ਚੌਂਕ, ਖ਼ਾਨ ਮਾਰਕੀਟ ਅਤੇ ਸੁਪਰੀਮ ਕੋਰਟ ਸਮੇਤ 18 ਮਹੱਤਵਪੂਰਨ ਮੈਟਰੋ ਸਟੇਸ਼ਨ ਬੰਦ ਰੱਖੇ ਗਏ ਸਨ।
ਇਸ ਕਾਰਨ ਦਫ਼ਤਰ ਜਾਣ ਵਾਲੇ ਕਰਮਚਾਰੀਆਂ ਅਤੇ ਰੋਜ਼ਾਨਾ ਯਾਤਰਾ ਕਰਨ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਧਰਨਾ ਸਮਾਪਤ ਹੋਣ ਦੇ ਅਧਿਕਾਰਤ ਐਲਾਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਕੇਂਦਰੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਬੈਰੀਕੇਡ ਵੀ ਹਟਾ ਦਿੱਤੇ ਹਨ। ਇਸ ਦੇ ਨਾਲ ਹੀ, ਨੀਟ-ਯੂਜੀ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਦੇ ਵਿਰੋਧ ਵਿੱਚ ਚੱਲੇ ਅੰਦੋਲਨ ਦੌਰਾਨ ਜੰਤਰ-ਮੰਤਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਈਆਂ ਮੋਬਾਈਲ ਇੰਟਰਨੈੱਟ ਪਾਬੰਦੀਆਂ ਵੀ ਖ਼ਤਮ ਕਰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਨੀਟ-ਯੂਜੀ ਮੁੱਦੇ ‘ਤੇ ਸੀਜੇਪੀ ਦੇ ਧਰਨੇ ਦੇ ਨਾਲ-ਨਾਲ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਵੀ 26 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ। ਇਸ ਦੌਰਾਨ ਸਰਕਾਰ ਨੇ ਪੀੜਤ ਨੀਟ ਪ੍ਰੀਖਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਖ਼ਿਲਾਫ਼ ਦਰਜ ਐਫਆਈਆਰ ਵਾਪਸ ਲੈਣ ‘ਤੇ ਸਹਿਮਤੀ ਪ੍ਰਗਟਾਈ ਹੈ।
