ਤਪਾ ਮੰਡੀ ਇਲਾਕੇ ’ਚ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ

ਪਰਵਾਸੀ ਮਜ਼ਦੂਰਾਂ ਦੀ ਘਾਟ ਅਤੇ ਅੱਤ ਦੀ ਗਰਮੀ ਦਾ ਕਹਿਰ ਜਾਰੀ
ਤਪਾ ਮੰਡੀ, 7 ਜੂਨ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਇਸ ਵਾਰ ਵੀ ਮਾਲਵਾ ਖੇਤਰ ਵਿੱਚ ਪਹਿਲੀ ਜੂਨ ਤੋਂ ਬਾਅਦ 9 ਜੂਨ ਨੂੰ ਝੋਨਾ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਦੇ ਚਲਦਿਆਂ ਇਲਾਕੇ ਅੰਦਰ ਕੁਝ ਥਾਵਾਂ ’ਤੇ ਕਿਸਾਨਾਂ ਨੇ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ, ਪ੍ਰੰਤੂ ਉੱਥੇ ਹੀ ਅੱਤ ਦੀ ਗਰਮੀ ਦੇ ਚੱਲਦਿਆਂ ਝੋਨੇ ਦੀ ਲਵਾਈ ਦਾ ਕੰਮ ਫ਼ਿਲਹਾਲ ਮੱਠਾ ਦਿਖਾਈ ਦੇ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਹੁਤੇ ਕਿਸਾਨ ਹਾਲੇ ਮਾਨਸੂਨ ਦੇ ਇੰਤਜ਼ਾਰ ਵਿੱਚ ਬੈਠੇ ਹਨ, ਪ੍ਰੰਤੂ ਅਜੇ ਇੱਕ-ਦੋ ਹਫ਼ਤਿਆਂ ਤੱਕ ਮਾਨਸੂਨ ਪਹੁੰਚਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਜਦੋਂ ਇਸ ਸਬੰਧੀ ਕਿਸਾਨ ਹਰਦੀਪ ਸਿੰਘ ਸੇਖੋਂ, ਬੁੱਧ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਜੱਸੀ ਚੱਠਾ, ਭਗਵੰਤ ਚੱਠਾ ਆਦਿ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਭਾਵੇਂ ਕਿਸਾਨਾਂ ਨੂੰ ਪਰਵਾਸੀ ਮਜ਼ਦੂਰਾਂ ਦੀ ਘਾਟ ਰੜਕ ਰਹੀ ਹੈ, ਪ੍ਰੰਤੂ ਫਿਰ ਵੀ ਜੋ ਪਰਵਾਸੀ ਮਜ਼ਦੂਰ ਹਰ ਸਾਲ ਜਿਨ੍ਹਾਂ ਕਿਸਾਨਾਂ ਨਾਲ ਜੁੜੇ ਹੋਏ ਹਨ, ਉਹ ਉਨ੍ਹਾਂ ਦੇ ਖੇਤਾਂ ਵਿੱਚ ਝੋਨੇ ਦੀ ਲਵਾਈ ਕਰ ਕੇ ਵਾਪਸ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੰਤਾਂ ਦੀ ਗਰਮੀ ਪੈ ਰਹੀ ਹੈ, ਪਰ ਖੇਤੀਬਾੜੀ ਦਾ ਕੰਮ ਹੀ ਅਜਿਹਾ ਹੈ ਕਿ ਹਰ ਹਾਲ ਵਿੱਚ ਕਰਨਾ ਹੀ ਪੈਂਦਾ ਹੈ, ਜਿਸ ਕਰ ਕੇ ਫ਼ਿਲਹਾਲ ਖੇਤਾਂ ਵਿੱਚ ਰੌਣਕ ਹੋਣ ਦੀ ਬਜਾਏ ਸੰਨਾਟਾ ਪਸਰਿਆ ਹੋਇਆ ਦਿਖਾਈ ਦੇ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਤੇਲ, ਖਾਦ, ਲੇਬਰ, ਦਵਾਈਆਂ, ਬੀਜ ਅਤੇ ਹੋਰਨਾਂ ਖੇਤੀ ਸਬੰਧੀ ਵਸਤੂਆਂ ਦੀਆਂ ਕੀਮਤਾਂ ਵੱਧ ਰਹੀਆਂ ਹਨ, ਉਸ ਹਿਸਾਬ ਨਾਲ ਜਿਨਸ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋ ਰਿਹਾ। ਇਸੇ ਕਰ ਕੇ ਦਿਨੋਂ-ਦਿਨ ਕਿਸਾਨਾਂ ਦੇ ਸਿਰ ’ਤੇ ਕਰਜ਼ੇ ਦੀਆਂ ਪੰਡਾਂ ਭਾਰੀਆਂ ਹੁੰਦੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਆਖਿਆ ਕਿ ਚੋਣਾਂ ਵੇਲੇ ਸਰਕਾਰਾਂ ਜਨਤਾ ਨਾਲ ਜੋ ਵੀ ਵਾਅਦੇ ਕਰਦੀਆਂ ਹਨ, ਉਨ੍ਹਾਂ ’ਤੇ ਖ਼ਰਾ ਉੱਤਰਨਾ ਚਾਹੀਦਾ ਹੈ। ਕਿਸਾਨ ਦੇਸ਼ ਦਾ ਅੰਨਦਾਤਾ ਹੈ, ਇਸ ਲਈ ਸਰਕਾਰਾਂ ਨੂੰ ਅੰਨਦਾਤਾ ਦੀ ਬਾਂਹ ਫੜਨੀ ਚਾਹੀਦੀ ਹੈ
