ਅੰਮ੍ਰਿਤਸਰ ਤੋਂ ਵਿਦੇਸ਼ ਜਾਣਾ ਲਈ ਹੁਣ ਹਵਾਈ ਅੱਡੇ ’ਤੇ ਹੀ ਹੋਵੇਗਾ ਚੈੱਕ-ਇਨ ਤੇ ਇਮੀਗ੍ਰੇਸ਼ਨ

ਅੰਮ੍ਰਿਤਸਰ ਤੋਂ ਵਿਦੇਸ਼ ਜਾਣਾ ਲਈ ਹੁਣ...
ਅੰਮ੍ਰਿਤਸਰ : ਪੰਜਾਬ ਅਤੇ ਉੱਤਰੀ ਭਾਰਤ ਦੇ ਯਾਤਰੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਹੁਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਨੈਕਟਿੰਗ ਫਲਾਈਟ ਰਾਹੀਂ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਦਿੱਲੀ ਵਿੱਚ ਦੁਬਾਰਾ ਚੈੱਕ-ਇਨ, ਇਮੀਗ੍ਰੇਸ਼ਨ, ਕਸਟਮ ਅਤੇ ਸਾਮਾਨ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਪਵੇਗੀ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਾਰਾਪੂ ਰਾਮ ਮੋਹਨ ਨਾਇਡੂ ਨੇ ਦੱਸਿਆ ਕਿ ਹੁਣ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਹੀ ਚੈੱਕ-ਇਨ, ਇਮੀਗ੍ਰੇਸ਼ਨ, ਕਸਟਮ ਅਤੇ ਬੈਗੇਜ ਡਰਾਪ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਨਗੇ। ਉਨ੍ਹਾਂ ਦਾ ਸਾਮਾਨ ਸਿੱਧਾ ਅੰਤਿਮ ਅੰਤਰਰਾਸ਼ਟਰੀ ਮੰਜ਼ਿਲ ਜਿਵੇਂ ਲੰਡਨ, ਟੋਰਾਂਟੋ ਜਾਂ ਦੁਬਈ ’ਤੇ ਪਹੁੰਚੇਗਾ ਅਤੇ ਦਿੱਲੀ ਵਿੱਚ ਸਿਰਫ਼ ਕਨੈਕਟਿੰਗ ਫਲਾਈਟ ਬਦਲਣੀ ਹੋਵੇਗੀ।
ਮੰਤਰੀ ਨੇ ਕਿਹਾ ਕਿ ਪਹਿਲਾਂ ਯਾਤਰੀਆਂ ਨੂੰ ਦਿੱਲੀ ਵਿੱਚ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਹੋਣਾ ਪੈਂਦਾ ਸੀ ਅਤੇ ਚੈੱਕ-ਇਨ ਤੇ ਇਮੀਗ੍ਰੇਸ਼ਨ ਦੀ ਪੂਰੀ ਪ੍ਰਕਿਰਿਆ ਦੁਬਾਰਾ ਕਰਨੀ ਪੈਂਦੀ ਸੀ, ਜਿਸ ਵਿੱਚ ਕਾਫ਼ੀ ਸਮਾਂ ਲੱਗਦਾ ਸੀ। ਨਵੀਂ ਵਿਵਸਥਾ ਨਾਲ ਇਹ ਪਰੇਸ਼ਾਨੀ ਖਤਮ ਹੋ ਜਾਵੇਗੀ ਅਤੇ ਯਾਤਰਾ ਕਾਫ਼ੀ ਸੁਵਿਧਾਜਨਕ ਬਣੇਗੀ। ਉਨ੍ਹਾਂ ਦੱਸਿਆ ਕਿ ਹਰ ਸਾਲ ਕਰੀਬ 1.5 ਲੱਖ ਯਾਤਰੀ ਅੰਮ੍ਰਿਤਸਰ ਤੋਂ ਦਿੱਲੀ ਰਾਹੀਂ ਅੰਤਰਰਾਸ਼ਟਰੀ ਉਡਾਣਾਂ ਫੜਦੇ ਹਨ, ਜਦਕਿ ਇੰਨੇ ਹੀ ਯਾਤਰੀ ਵਿਦੇਸ਼ਾਂ ਤੋਂ ਦਿੱਲੀ ਆ ਕੇ ਅੰਮ੍ਰਿਤਸਰ ਪਹੁੰਚਦੇ ਹਨ।
ਇਸ ਨਵੇਂ ਪ੍ਰਬੰਧ ਨਾਲ ਸਮੇਂ ਦੀ ਬਚਤ ਦੇ ਨਾਲ ਯਾਤਰਾ ਦਾ ਤਜਰਬਾ ਵੀ ਬਿਹਤਰ ਹੋਵੇਗਾ। ਮੰਤਰੀ ਨੇ ਕਿਹਾ ਕਿ ਇਹ ਕਦਮ ਅੰਮ੍ਰਿਤਸਰ ਨੂੰ ਉੱਤਰੀ ਭਾਰਤ ਦੇ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਹਵਾਈ ਕੇਂਦਰ ਵਜੋਂ ਵਿਕਸਤ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਯਾਤਰੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ।
