ਅਸਾਮ ’ਚ ਹੜ੍ਹ ਕਾਰਨ ਵੱਡਾ ਨੁਕਸਾਨ, ਮਰਨ ਵਾਲਿਆਂ ਦੀ ਗਿਣਤੀ 68 ਹੋਈ

0
Assam

ਅਸਾਮ ’ਚ ਹੜ੍ਹ ਕਾਰਨ ਵੱਡਾ ਨੁਕਸਾਨ...

ਗੁਵਾਹਾਟੀ : ਅਸਾਮ ਵਿੱਚ ਇਸ ਸਾਲ ਆਏ ਭਿਆਨਕ ਹੜ੍ਹਾਂ ਦੀ ਸਥਿਤੀ ਵਿੱਚ ਭਾਵੇਂ ਸੁਧਾਰ ਹੋ ਰਿਹਾ ਹੈ, ਪਰ ਦੋ ਹੋਰ ਵਿਅਕਤੀਆਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 68 ਹੋ ਗਈ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਪੰਜ ਜ਼ਿਲਿ੍ਹਆਂ ਵਿੱਚ ਹਾਲੇ ਵੀ 5.24 ਲੱਖ ਤੋਂ ਵੱਧ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਤਾਜ਼ਾ ਦੋ ਮੌਤਾਂ ਚਰਾਈਦੇਓ ਜ਼ਿਲ੍ਹੇ ਵਿੱਚ ਦਰਜ ਕੀਤੀਆਂ ਗਈਆਂ ਹਨ, ਜੋ ਇਸ ਸਮੇਂ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ। ਇੱਥੇ ਲਗਭਗ 1.90 ਲੱਖ ਲੋਕ ਹੜ੍ਹ ਦੀ ਮਾਰ ਹੇਠ ਹਨ। ਇਸ ਤੋਂ ਇਲਾਵਾ ਗੋਲਾਘਾਟ, ਜੋਰਹਾਟ, ਨਗਾਓਂ ਅਤੇ ਸ਼ਿਵਸਾਗਰ ਵੀ ਪ੍ਰਭਾਵਿਤ ਜ਼ਿਲਿ੍ਹਆਂ ਵਿੱਚ ਸ਼ਾਮਲ ਹਨ।

ਅਧਿਕਾਰੀਆਂ ਮੁਤਾਬਕ ਚਾਰ ਜ਼ਿਲਿ੍ਹਆਂ ਵਿੱਚ 354 ਰਾਹਤ ਕੈਂਪ ਅਤੇ ਸਹਾਇਤਾ ਵੰਡ ਕੇਂਦਰ ਚਲਾਏ ਜਾ ਰਹੇ ਹਨ, ਜਿੱਥੇ 37,724 ਬੇਘਰ ਹੋਏ ਲੋਕਾਂ ਨੂੰ ਪਨਾਹ ਅਤੇ ਜ਼ਰੂਰੀ ਸਹਾਇਤਾ ਦਿੱਤੀ ਜਾ ਰਹੀ ਹੈ। ਰਾਹਤ ਅਤੇ ਬਚਾਅ ਕਾਰਜਾਂ ਵਿੱਚ ਭਾਰਤੀ ਫੌਜ, ਐਨ.ਡੀ.ਆਰ.ਐਫ., ਐੱਸ.ਡੀ.ਆਰ.ਐੱਫ., ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।

ਹੜ੍ਹਾਂ ਕਾਰਨ ਕਈ ਜ਼ਿਲਿ੍ਹਆਂ ਵਿੱਚ ਬੰਨ੍ਹ, ਸੜਕਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਪੜਾਅਵਾਰ ਢੰਗ ਨਾਲ ਬਹਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਭਾਵਿਤ ਇਲਾਕਿਆਂ ਵਿੱਚ ਆਮ ਜਨਜੀਵਨ ਨੂੰ ਜਲਦ ਬਹਾਲ ਕਰਨ ਲਈ ਵਚਨਬੱਧ ਹੈ।

Leave a Reply

Your email address will not be published. Required fields are marked *