ਸਿੱਖਿਆ ਮੰਤਰੀ ਪ੍ਰਧਾਨ ਦੇ ਅਸਤੀਫ਼ੇ ਦਾ ਜੰਮੂ-ਕਸ਼ਮੀਰ ਦੀਆਂ ਪਾਰਟੀਆਂ ਵੱਲੋਂ ਸਵਾਗਤ

ਸਿੱਖਿਆ ਮੰਤਰੀ ਪ੍ਰਧਾਨ ਦੇ ਅਸਤੀਫ਼ੇ ਦਾ...
ਸ਼੍ਰੀਨਗਰ: ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦਾ ਜੰਮੂ-ਕਸ਼ਮੀਰ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਸਵਾਗਤ ਕਰਦਿਆਂ ਇਸ ਨੂੰ ਦੇਸ਼ ਦੇ ਨੌਜਵਾਨਾਂ, ਵਿਦਿਆਰਥੀਆਂ ਅਤੇ ਲੋਕਤੰਤਰੀ ਆਵਾਜ਼ ਦੀ ਜਿੱਤ ਕਰਾਰ ਦਿੱਤਾ ਹੈ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ), ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਨੇਤਾਵਾਂ ਨੇ ਕਿਹਾ ਕਿ ਇਹ ਲੋਕਤੰਤਰੀ ਸੰਘਰਸ਼ ਦੀ ਸਫਲਤਾ ਹੈ।
ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਉਨ੍ਹਾਂ ਨੌਜਵਾਨਾਂ ਦੀ ਜਿੱਤ ਹੈ, ਜਿਨ੍ਹਾਂ ਨੇ ਲੰਬੇ ਸਮੇਂ ਤੱਕ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਔਖੇ ਹਾਲਾਤਾਂ ਦੇ ਬਾਵਜੂਦ ਹਿੰਸਾ ਦਾ ਰਾਹ ਨਹੀਂ ਅਪਣਾਇਆ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ‘ਤੇ ਆਪਣਾ ਵਿਸ਼ਵਾਸ ਦਰਸਾਇਆ।
ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਨੌਜਵਾਨਾਂ ਨੇ ਧਰਮ ਅਤੇ ਭਾਈਚਾਰੇ ਦੇ ਆਧਾਰ ‘ਤੇ ਵੰਡ ਦੀ ਰਾਜਨੀਤੀ ਨੂੰ ਨਕਾਰਦਿਆਂ ਮਹਾਤਮਾ ਗਾਂਧੀ ਦੇ ਵਿਚਾਰਾਂ ਵਾਲੇ ਭਾਰਤ ਦੀ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੌਰਾਨ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਸਮਰਥਨ ਮਿਲਿਆ, ਜਿਸ ਨਾਲ ਆਪਸੀ ਭਰੋਸਾ ਮਜ਼ਬੂਤ ਹੋਇਆ ਹੈ।
ਉਨ੍ਹਾਂ ਉਮੀਦ ਜਤਾਈ ਕਿ ਦੇਸ਼ ਦਾ ਨੌਜਵਾਨ ਭਵਿੱਖ ਵਿੱਚ ਜੰਮੂ-ਕਸ਼ਮੀਰ ਦੇ ਮੁੱਦਿਆਂ ਨੂੰ ਵੀ ਸਮਝੇਗਾ ਅਤੇ ਉੱਥੋਂ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਏਗਾ। ਮਹਿਬੂਬਾ ਨੇ ਕਿਹਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਦੇਸ਼ ਵਿੱਚ ਜਵਾਬਦੇਹੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।
